ਜਲਾਲਾਬਾਦ : ਪਿੰਡ ਤਾਰੇਵਾਲਾ (Tarewala) ਵਿੱਚ ਪਰਿਵਾਰ ਵਿੱਚ ਚੱਲ ਰਹੇ ਜਾਇਦਾਦ ਦੇ ਝਗੜੇ ਕਾਰਨ ਇੱਕ ਨੌਜਵਾਨ ਪਰਿਵਾਰ ਸਮੇਤ ਪਿੰਡ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਪਰੇਸ਼ਾਨ ਹੈ। ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਹੁਣ ਉਸ ਨੇ ਮਜਬੂਰੀ ‘ਚ ਇਹ ਕਦਮ ਚੁੱਕਿਆ ਹੈ। ਹਾਲਾਂਕਿ ਇਸ ਗੱਲ ਦਾ ਪਤਾ ਲੱਗਦੇ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਵਿਅਕਤੀ ਨੂੰ ਸਮਝਾ ਕੇ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰਿਆ।
ਪਿੰਡ ਕਾਠਗੜ੍ਹ ਦਾ ਇੱਕ ਵਿਅਕਤੀ ਅੱਜ ਪਿੰਡ ਤਾਰੇਵਾਲਾ ਪਹੁੰਚ ਕੇ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ, ਜਿਸ ਦੀ ਸੂਚਨਾ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਮੌਕੇ ’ਤੇ ਪੁੱਜ ਗਿਆ। ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਹੈ, ਜਿਸ ਵਿਚ ਉਸ ਦੇ ਦੋ ਹੋਰ ਬੱਚੇ ਹਨ। ਹੁਣ ਉਹ ਵਿਆਹਿਆ ਹੋਇਆ ਹੈ ਅਤੇ ਆਪਣੇ ਪਿਤਾ ਤੋਂ ਜਾਇਦਾਦ ਦੀ ਮੰਗ ਕਰ ਰਿਹਾ ਹੈ। ਉਸ ਨਾਲ ਲੜਾਈ ਚੱਲ ਰਹੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ, ਜਿਸ ਕਾਰਨ ਉਹ ਇਨਸਾਫ਼ ਲੈਣ ਲਈ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਉਂਜ ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।