ਪਾਣੀਪਤ : ਪਾਣੀਪਤ (Panipat) ਸ਼ਹਿਰ ਦੇ ਦੇਵਪੁਰੀ ਰੋਡ (Devpuri Road) ‘ਤੇ ਸਥਿਤ ਕੂੜੇ ਦੇ ਗੋਦਾਮ ‘ਚ ਲੱਗੀ ਅੱਗ ਨੂੰ 2 ਦਿਨ ਵੀ ਨਹੀਂ ਹੋਏ ਸਨ ਕਿ ਪਾਣੀਪਤ ਤੋਂ ਇਕ ਹੋਰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਪਾਣੀਪਤ ਦੇ ਸਿਵਾ ਪਿੰਡ ਨੇੜੇ ਭਾਖੜਾ ਦੇ ਬਿਆਸ ਮੈਨੇਜਮੈਂਟ ਬੋਰਡ ਦੇ ਦੋ ਟਰਾਂਸਫਾਰਮਰਾਂ ਨੂੰ ਸਵੇਰੇ 5 ਵਜੇ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਡਿਊਟੀ ‘ਤੇ ਮੌਜੂਦ ਕਰਮਚਾਰੀਆਂ ਨੇ ਤੁਰੰਤ ਫਾਇਰ ਵਿਭਾਗ ਨੂੰ ਸੂਚਤ ਕੀਤਾ ਅਤੇ ਥਰਮਲ, ਐਨ.ਐਫ.ਐਲ ਅਤੇ ਰਿਫਾਇਨਰੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ।
ਫਾਇਰ ਫਾਈਟਰ ਅਮਿਤ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਕਰੀਬ 9 ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਰੀਬ 30 ਤੋਂ 40 ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕਰੀਬ ਡੇਢ ਘੰਟੇ ‘ਚ ਅੱਗ ‘ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਹ ਹੋਰ ਟਰਾਂਸਫਾਰਮਰਾਂ ਤੱਕ ਵੀ ਫੈਲ ਸਕਦੀ ਸੀ। ਜੇਕਰ ਅਜਿਹਾ ਹੁੰਦਾ ਤਾਂ ਪੂਰੇ ਸ਼ਹਿਰ ਦੀ ਬਿਜਲੀ ਬੰਦ ਹੋ ਸਕਦੀ ਸੀ।