ਪਾਕਿਸਤਾਨ ਦੇ ਚੋਣ ਨਤੀਜਿਆਂ ਵਿਚਾਲੇ ਇਮਰਾਨ ਖਾਨ ਲਈ ਆਈ ਚੰਗੀ ਖ਼ਬਰ
By admin / February 10, 2024 / No Comments / Punjabi News
ਇਸਲਾਮਾਬਾਦ: ਪਾਕਿਸਤਾਨ ਦੇ ਚੋਣ ਨਤੀਜਿਆਂ ਵਿਚਾਲੇ ਇਮਰਾਨ ਖਾਨ (Former Prime Minister Imran Khan) ਲਈ ਚੰਗੀ ਖ਼ਬਰ ਆਈ ਹੈ। ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਪਿਛਲੇ ਸਾਲ ਮਈ ਵਿਚ ਫੌਜੀ ਟਿਕਾਣਿਆਂ ‘ਤੇ ਹਮਲਿਆਂ ਨਾਲ ਸਬੰਧਤ 12 ਮਾਮਲਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਹ ਫੈਸਲਾ ਉਦੋਂ ਆਇਆ ਹੈ ਜਦੋਂ ਪਾਕਿਸਤਾਨ ਚੋਣ ਨਤੀਜਿਆਂ ‘ਚ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਹਨ, ਹਾਲਾਂਕਿ ਨਵਾਜ਼ ਸ਼ਰੀਫ ਦੀ ਪੀਐੱਮਐੱਲ-ਐੱਨ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ 15 ਸੀਟਾਂ ‘ਤੇ ਅਜੇ ਤੱਕ ਨਤੀਜੇ ਐਲਾਨੇ ਨਹੀਂ ਗਏ ਹਨ। ਦੱਸ ਦਈਏ ਕਿ ਪਾਕਿਸਤਾਨ ‘ਚ 265 ਸੀਟਾਂ ‘ਤੇ 8 ਫਰਵਰੀ ਨੂੰ ਵੋਟਿੰਗ ਹੋਈ ਸੀ।ਹੁਣ ਤੱਕ 250 ਸੀਟਾਂ ਦੇ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ‘ਚੋਂ 99 ‘ਤੇ ਪੀਟੀਆਈ ਸਮਰਥਿਤ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਪੀਐਮਐਲ-ਐਨ ਨੇ 71 ਸੀਟਾਂ, ਪੀਪੀਪੀ ਨੇ 53 ਅਤੇ ਐਮਕਯੂਐਮ ਨੇ 17 ਸੀਟਾਂ ਜਿੱਤੀਆਂ ਹਨ, ਜਦੋਂ ਕਿ 10 ਸੀਟਾਂ ਹੋਰਨਾਂ ਨੇ ਜਿੱਤੀਆਂ ਹਨ।