ਪਟਿਆਲਾ ਪੁਰਾਣੇ ਬੱਸ ਅੱਡੇ ’ਤੇ ਮੁੜ ਪਰਤੇਗੀ ਰੌਣਕ, ਅੱਜ ਤੋਂ ਚੱਲਣਗੀਆਂ ਬੱਸਾਂ
By admin / March 11, 2024 / No Comments / Punjabi News
ਪਟਿਆਲਾ, 11 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪਟਿਆਲਾ ਫੇਰੀ ਦੌਰਾਨ ਪਤਿਆਲਾਵੀਆਂ ਨੂੰ ਵੱਡੀ ਸੌਗਾਤ ਦੇ ਗਏ ਹਨ| ਉਨ੍ਹਾਂ ਦੀ ਇਸ ਸੌਗਾਤ ਨਾਲ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਦੁਆਲੇ ਵਿਹਲੇ ਹੋ ਕੇ ਬੈਠ ਗਏ ਸੈਂਕੜੇ ਦੁਕਾਨਦਾਰਾਂ ਦੇ ਚੁੱਲ੍ਹੇ ਮੁੜ ਚੱਲ ਪੈਣਗੇ| ਅੱਜ ਮੁੱਖ ਮੰਤਰੀ ਵਲੋਂ ਸ਼ਹਿਰ ਵਿਚਕਾਰਲਾ ਪੁਰਾਣਾ ਬੱਸ ਅੱਡਾ ਮੁੜ ਤੋਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ| ਸਿਰਫ ਐਲਾਨ ਹੀ ਨਹੀਂ 60 ਬੱਸਾਂ ਅੱਜ ਤੋਂ ਹੀ ਚਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ| ਜਦਕਿ 40 ਬੱਸਾਂ ਕੁਝ ਦਿਨ ਬਾਅਦ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ| ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਪੰਜਾਬ ਵਲੋਂ ਕਿਹਾ ਗਿਆ ਹੈ ਕਿ ਜਲਦੀ ਹੀ ਇਸੇ ਬੱਸ ਅੱਡੇ ਤੋਂ ਇਲੈਕਟ੍ਰਿਕ ਬੱਸਾਂ ਦਾ ਫਲੀਟ ਵੀ ਚਲਾਇਆ ਜਾਏਗਾ| ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਸ਼ੁਰੂ ਕੀਤੀ ਗਈ ਈ-ਬੱਸ ਸੇਵਾ ਸ਼ਹਿਰ ਵਿੱਚ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਿੱਚ ਸਹਾਈ ਸਿੱਧ ਹੋਵੇਗੀ| ਉਨ੍ਹਾਂ ਕਿਹਾ ਕਿ ਇਹ ਬੱਸਾਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਤੋਂ ਚੱਲਣਗੀਆਂ ਅਤੇ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਕਰਨਗੀਆਂ| ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਵਪਾਰ ਅਤੇ ਕਾਰੋਬਾਰ ਨੂੰ ਹੁਲਾਰਾ ਦੇ ਕੇ ਸ਼ਹਿਰ ਵਿੱਚ ਬੇਮਿਸਾਲ ਵਿਕਾਸ ਅਤੇ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ| ਮੁੱਖ ਮੰਤਰੀ ਨੇ ਵਪਾਰਕ ਮਿਲਣੀ ਦੇ ਸਮਾਗਮ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੁਰਾਣੇ ਬੱਸ ਅੱਡੇ ਦੇ ਇੱਥੋਂ ਬਦਲ ਕੇ ਨਵੀਂ ਜਗ੍ਹਾਂ ਜਾਣ ਨਾਲ ਸ਼ਹਿਰ ਦੇ ਸਥਾਨਕ ਲੋਕਾਂ ਅਤੇ ਨੇੜਲੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ| ਇਸ ਦੇ ਨਾਲ ਨਾਲ ਇੱਥੇ ਲੋਕਾਂ ਦੀ ਆਮਦ ਘਟਣ ਨਾਲ ਵੀ ਨੇੜਲੇ ਸੈਂਕੜੇ ਦੁਕਾਨਦਾਰਾਂ ਦੇ ਕਾਰੋਬਾਰ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਸੀ| ਬੱਸ ਅੱਡਾ ਮੁੜ ਚਾਲੂ ਹੋਣ ਨਾਲ ਜਿੱਥੇ ਸੈਂਕੜੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ ਉੱਥੇ ਹੀ ਸਕੂਲੀ ਵਿਦਿਆਰਥੀ, ਸ਼ਰਧਾਲੂ ਸਥਾਨਕ ਲੋਕਾਂ ਨੂੰ ਵੀ ਸਫਰ ਕਰਨ ਵਿੱਚ ਆਸਾਨ ਹੋਵੇਗਾ| ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਨਾਲ ਸੈਕਟਰੀਏਟ, ਰਜਿੰਦਰਾ ਹਸਪਤਾਲ, ਧਾਰਮਿਕ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਕਾਲੀ ਦੇਵੀ ਮੰਦਿਰ ਤੋਂ ਇਲਾਵਾ ਹੋਰ ਧਾਰਮਿਕ ਅਸਥਾਨ ਅਤੇ ਸਥਾਨਕ ਮਾਰਕਿਟ ਵਿੱਚ ਲੋਕਾਂ ਦਾ ਜਾਣਾ ਆਸਾਨ ਹੋ ਜਾਵੇਗਾ| ਇਨ੍ਹਾਂ ਬੱਸਾਂ ਨੂੰ 30 ਤੋਂ 40 ਕਿਲੋਂਮੀਟਰ ਦੇ ਘੇਰੇ ਵਿੱਚ ਚਲਾਇਆ ਜਾਵੇਗਾ, ਜਿਸ ਵਿੱਚ ਨਾਭਾ, ਸਮਾਣਾ, ਭਾਦਸੋਂ, ਚੀਕਾ, ਰਾਜਪੁਰਾ, ਘਨੌਰ, ਘੜਾਮ, ਭਵਾਨੀਗੜ੍ਹ ਆਦਿ ਸ਼ਾਮਲ ਹੋਣਗੇ|