ਪਟਿਆਲਾ ‘ਚ ਸ਼ਿਵ ਸੈਨਾ ਆਗੂ ਦੇ ਘਰ ਚੱਲੀਆਂ ਗੋਲੀਆਂ, ਇੱਕ ਵਿਅਕਤੀ ਜ਼ਖ਼ਮੀ
By admin / July 15, 2024 / No Comments / Punjabi News
ਪਟਿਆਲਾ : ਪਟਿਆਲਾ ਦੀ ਬਾਬੂ ਸਿੰਘ ਕਲੋਨੀ ਵਿੱਚ ਦੇਰ ਰਾਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗੋਲੀਆਂ ਸ਼ਿਵ ਸੈਨਾ ਬਾਲ ਠਾਕਰੇ ਹਰੀਸ਼ ਸਿੰਗਲਾ ਗਰੁੱਪ ਦੇ ਮੈਂਬਰ ਅਤੇ ਸ਼ਿਵ ਸੈਨਾ ਆਗੂ ਸ਼ੰਕਰ ਭਾਰਦਵਾਜ ਦੇ ਘਰ ਲੱਗੀਆਂ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ 15 ਤੋਂ 20 ਨੌਜਵਾਨ ਹੱਥਾਂ ‘ਚ ਇੱਟਾਂ ਅਤੇ ਡੰਡਿਆਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਹਮਲਾਵਰਾਂ ਨੇ ਘਰ ‘ਤੇ ਗੋਲੀਆਂ ਵੀ ਚਲਾਈਆਂ। ਘਟਨਾ ਸੀ.ਸੀ.ਟੀ.ਵੀ ‘ਚ ਕੈਦ ਹੋ ਗਈ।
ਇਸ ਹਮਲੇ ਵਿੱਚ ਹਿੰਦੂ ਆਗੂ ਦਾ ਇੱਕ ਸਾਥੀ ਜ਼ਖ਼ਮੀ ਹੋ ਗਿਆ ਹੈ, ਜਿਸ ਦੇ ਪੱਟ ਵਿੱਚ ਗੋਲੀ ਲੱਗੀ ਹੈ ਅਤੇ ਉਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ‘ਚ ਜ਼ਖਮੀ ਹੋਏ ਗੌਰਵ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਪਹਿਲਾਂ ਉਸ ਨੂੰ ਬੁਲਾਇਆ ਅਤੇ ਫਿਰ ਗੋਲੀ ਚਲਾ ਦਿੱਤੀ ਜੋ ਉਸ ਦੇ ਪੱਟ ‘ਚ ਸਿੱਧੀ ਜਾ ਲੱਗੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਇਨਸਾਫ ਦੀ ਮੰਗ ਕੀਤੀ ਹੈ।