ਪਟਨਾ ‘ਚ ਅੱਜ ASI ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
By admin / November 2, 2024 / No Comments / Punjabi News
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਦੇ ਗਾਂਧੀ ਮੈਦਾਨ ਥਾਣਾ ਖੇਤਰ ‘ਚ ਇਕ ਸਹਾਇਕ ਸਬ-ਇੰਸਪੈਕਟਰ (An Assistant Sub-Inspector) (ਏ.ਐੱਸ.ਆਈ) ਨੇ ਅੱਜ ਤੜਕੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਇਸ ਘਟਨਾ ਨਾਲ ਪੁਲਿਸ ਵਿਭਾਗ ਵਿੱਚ ਸਨਸਨੀ ਫੈਲ ਗਈ ਹੈ।
ਪਟਨਾ (ਕੇਂਦਰੀ) ਦੀ ਪੁਲਿਸ ਸੁਪਰਡੈਂਟ ਸਵੀਟੀ ਸਹਿਰਾਵਤ ਨੇ ਅੱਜ ਯਾਨੀ ਸ਼ਨੀਵਾਰ ਨੂੰ ਦੱਸਿਆ ਕਿ ਅੱਜ ਤੜਕੇ 4-5 ਵਜੇ ਦੇ ਦਰਮਿਆਨ ਪਟਨਾ ਜ਼ਿਲ੍ਹੇ ਦੇ ਗਾਂਧੀ ਮੈਦਾਨ ਥਾਣਾ ਖੇਤਰ ਵਿੱਚ ਪੁਲਿਸ ਲਾਈਨ ਵਿੱਚ ਤਾਇਨਾਤ ਏ.ਐਸ.ਆਈ ਅਜੀਤ ਕੁਮਾਰ ਨੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਜੀਤ ਕੁਮਾਰ ਜ਼ਿਲ੍ਹਾ ਭੋਜਪੁਰ ਦਾ ਰਹਿਣ ਵਾਲਾ ਸੀ। ਮੌਜੂਦਾ ਸਮੇਂ ਵਿਚ ਉਹ ਰਿਜ਼ਰਵ ਵਿਚ ਸੀ ਅਤੇ ਉਨ੍ਹਾਂ ਦੀ ਡਿਊਟੀ ਲਗਾਤਾਰ ਸਕਾਟ ਵਿਚ ਸੀ।
ਸਵੀਟੀ ਸਹਿਰਾਵਤ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚੀ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫ.ਐਸ.ਐਲ) ਟੀਮ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ। ਟੀਮ ਨੇ ਮੌਕੇ ਤੋਂ ਏ.ਐਸ.ਆਈ ਦਾ ਸਰਵਿਸ ਪਿਸਤੌਲ, ਖੋਖਾ ਅਤੇ ਸਬੂਤ ਬਰਾਮਦ ਕੀਤੇ ਹਨ। ਮ੍ਰਿਤਕ ਦੇ ਵਾਰਸਾਂ ਨੂੰ ਸੂਚਨਾ ਦਿੱਤੀ ਗਈ। ਪਰਿਵਾਰਕ ਮੈਂਬਰ ਮੌਕੇ ‘ਤੇ ਮੌਜੂਦ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਘਟਨਾ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਅਜੀਤ ਸਿੰਘ ਦੇ ਪਿਤਾ ਵਿਨੋਦ ਸਿੰਘ ਨੇ ਦੋਸ਼ ਲਾਇਆ ਕਿ ਛਠ ਤਿਉਹਾਰ ਦੀ ਛੁੱਟੀ ਨਾ ਮਿਲਣ ਕਾਰਨ ਉਨ੍ਹਾਂ ਦਾ ਲੜਕਾ ਤਣਾਅ ’ਚ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 2007 ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਸੀ। ਅਜੀਤ ਦੇ ਪਿਤਾ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਸਹਿਰਾਵਤ ਨੇ ਕਿਹਾ, ‘ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਾਂਗੇ ਅਤੇ ਮਾਮਲੇ ਦੀ ਜਾਂਚ ਕਰਾਂਗੇ।’