ਕਾਠਮੰਡੂ : ਨੇਪਾਲ (Nepal) ਵਿੱਚ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਦੇ ਨਦੀ ਵਿੱਚ ਵਹਿ ਜਾਣ ਕਾਰਨ ਘੱਟੋ-ਘੱਟ 65 ਯਾਤਰੀ ਲਾਪਤਾ ਹੋ ਗਏ ਹਨ। ਨਿਊਜ਼ ਪੋਰਟਲ ‘ਮਾਈ ਰੀਪਬਲਿਕਾ’ ਮੁਤਾਬਕ ਚਿਤਵਨ ਜ਼ਿਲ੍ਹੇ ਦੇ ਸਿਮਲਟਾਲ ਇਲਾਕੇ ‘ਚ ਨਰਾਇਣਘਾਟ-ਮੁਗਲਿੰਗ ਮਾਰਗ ‘ਤੇ ਢਿੱਗਾਂ ਡਿੱਗਣ ਕਾਰਨ 65 ਯਾਤਰੀਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਸੁੱਜੀ ਹੋਈ ਤ੍ਰਿਸ਼ੂਲੀ ਨਦੀ ‘ਚ ਰੁੜ੍ਹ ਗਈਆਂ। ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰ ਦੇਵ ਯਾਦਵ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਯਾਦਵ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਜ਼ਮੀਨ ਖਿਸਕਣ ਦਾ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ। ਤ੍ਰਿਸ਼ੂਲੀ ਨਦੀ ‘ਚ ਦੋ ਬੱਸਾਂ ਦੇ ਰੁੜ੍ਹ ਜਾਣ ਦੀ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੇ ਜੰਗੀ ਪੱਧਰ ‘ਤੇ ਖੋਜ ਅਤੇ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।