ਨਗਰ ਨਿਗਮ ਮੋਹਾਲੀ ਨੇ ਕਿੰਨਰਾਂ ਨੂੰ ਦਿੱਤੀ ਜਾਣ ਵਾਲੀ ਵਧਾਈ ਦੀ ਰਾਸ਼ੀ ਕੀਤੀ ਨਿਸ਼ਚਿਤ
By admin / March 2, 2024 / No Comments / Punjabi News
ਮੋਹਾਲੀ : ਨਗਰ ਨਿਗਮ ਮੋਹਾਲੀ (The Municipal Corporation Mohali) ਨੇ ਕਿੰਨਰਾਂ ਨੂੰ ਦਿੱਤੀ ਜਾਣ ਵਾਲੀ ਵਧਾਈ ਦੀ ਰਾਸ਼ੀ ਨਿਸ਼ਚਿਤ ਕਰ ਦਿੱਤੀ ਹੈ। ਇਸ ਨੂੰ ਨਗਰ ਨਿਗਮ ਹਾਊਸ ਦੀ ਮੀਟਿੰਗ ‘ਚ ਸਮੂਹ ਕੌਂਸਲਰਾਂ ਅਤੇ ਅਧਿਕਾਰੀਆਂ ਨੇ ਹਰੀ ਝੰਡੀ ਵੀ ਦੇ ਦਿੱਤੀ ਹੈ। ਇਸ ਦੌਰਾਨ ਤੈਅ ਕੀਤਾ ਗਿਆ ਕਿ ਕਿੰਨਰਾਂ ਨੂੰ ਮੁੰਡੇ ਦੇ ਜਨਮ ਦੀ ਵਧਾਈ 2100 ਰੁਪਏ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਿਆਹ ਤੋਂ ਬਾਅਦ ਨਵ-ਵਿਆਹੇ ਜੋੜੇ ਨੂੰ ਵਧਾਈ ਦੇਣ ਸਮੇਂ 3100 ਰੁਪਏ ਦੇਣ ਦੀ ਸਹਿਮਤੀ ਦਿੱਤੀ ਗਈ ਹੈ।
ਜਲਦ ਹੀ ਇਸ ਦੀ ਜਾਣਕਾਰੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਐੱਸ. ਐੱਸ. ਪੀ. ਨੂੰ ਭੇਜੀ ਜਾਵੇਗੀ, ਉੱਥੇ ਜੇਕਰ ਕੋਈ ਕਿੰਨਰ ਵਧਾਈ ਦੇ ਨਾਂ ’ਤੇ ਜ਼ਿਆਦਾ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਨਗਰ ਨਿਗਮ, ਪੁਲਿਸ ਅਤੇ ਡੀ. ਸੀ. ਦਫ਼ਤਰ ਵਿਖੇ ਸ਼ਿਕਾਇਤ ਕੀਤੀ ਜਾ ਸਕਦੀ ਹੈ।ਇਸ ਮੌਕੇ ਨਿਗਮ ਵਲੋਂ ਇਸ਼ਤਿਹਾਰਾਂ ਤੋਂ ਕਮਾਈ ਦੇ ਮੁੱਦੇ ’ਤੇ ਵੀ ਕਾਫੀ ਗਰਮਾ-ਗਰਮੀ ਹੋਈ। ਮੇਅਰ ਨੇ ਦੱਸਿਆ ਕਿ ਸਾਲ 2024-25 ਦੇ ਬਜਟ ਲਈ ਯੋਜਨਾ ਤਿਆਰ ਕਰ ਲਈ ਗਈ ਹੈ।
ਮੇਅਰ ਨੇ ਦੱਸਿਆ ਕਿ ਸਾਲ 2023-24 ਸੈਸ਼ਨ ਲਈ 17349.55 ਲੱਖ ਰੁਪਏ ਕਮਾਉਣ ਦਾ ਟੀਚਾ ਰੱਖਿਆ ਗਿਆ ਹੈ। ਦਸੰਬਰ 2023 ਤੱਕ ਕੁੱਲ ਕਮਾਈ 9707.52 ਲੱਖ ਰੁਪਏ ਰਹੀ ਹੈ। ਮਾਰਚ ਤਕ ਇਹ ਕਮਾਈ 13983 ਲੱਖ ਰੁਪਏ ਹੋਣ ਦੀ ਉਮੀਦ ਹੈ। ਦੂਜੇ ਪਾਸੇ ਸਾਲ 2024-25 ਸੈਸ਼ਨ ਲਈ ਨਿਗਮ ਨੇ ਆਪਣੇ ਸਰੋਤਾਂ ਤੋਂ ਕਰੀਬ 176 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਹੈ।