ਨਗਰ ਨਿਗਮ ਨੇ ਨਾਜਾਇਜ਼ ਤੌਰ ‘ਤੇ ਬਣ ਰਹੀ ਇਮਾਰਤ ਨੂੰ ਕੀਤਾ ਸੀਲ
By admin / April 26, 2024 / No Comments / Punjabi News
ਲੁਧਿਆਣਾ : ਜ਼ੋਨ ਏ ਅਧੀਨ ਆਉਂਦੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਅੰਦਰੂਨੀ ਖੇਤਰ ਮਾਲੀ ਗੰਜ ‘ਚ ਬੀਤੇ ਦਿਨ ਨਗਰ ਨਿਗਮ ਨੇ ਨਾਜਾਇਜ਼ ਤੌਰ ‘ਤੇ ਬਣ ਰਹੀ ਇਮਾਰਤ ਨੂੰ ਸੀਲ ਕਰ ਦਿੱਤਾ। ਇਸ ਇਮਾਰਤ ਦੀ ਉਸਾਰੀ ਲਈ ਨਿਯਮਾਂ ਅਨੁਸਾਰ ਨਕਸ਼ਾ ਪਾਸ ਨਹੀਂ ਕੀਤਾ ਗਿਆ ਸੀ, ਜਿਸ ਕਾਰਨ ਨਗਰ ਨਿਗਮ ਜ਼ੋਨ ਏ ਦੇ ਮੁਲਾਜ਼ਮਾਂ ਨੇ ਕਈ ਵਾਰ ਮੌਕੇ ’ਤੇ ਜਾ ਕੇ ਕੰਮ ਬੰਦ ਕਰਵਾਇਆ। ਪਰ ਇਮਾਰਤ ਦੇ ਮਾਲਕ ਵੱਲੋਂ ਉਸਾਰੀ ਬੰਦ ਨਹੀਂ ਕੀਤੀ ਗਈ। ਇਸ ਸਬੰਧੀ ਜ਼ੋਨ ਏ ਦੀ ਬਿਲਡਿੰਗ ਸ਼ਾਖਾ ਦੇ ਮੁਲਾਜ਼ਮਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਸੀ ਅਤੇ ਵਧੀਕ ਕਮਿਸ਼ਨਰ ਦੀ ਮਨਜ਼ੂਰੀ ਮਿਲਣ ਮਗਰੋਂ ਇਸ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਸ ਇਮਾਰਤ ਦਾ ਰਕਬਾ 500 ਗਜ਼ ਤੋਂ ਵੱਧ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਰਾਤ ਸਮੇਂ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਨਗਰ ਨਿਗਮ ਵੱਲੋਂ ਸੀਲਿੰਗ ਕੀਤੀ ਗਈ ਹੈ।