ਲੁਧਿਆਣਾ : ਜ਼ੋਨ ਡੀ ਅਧੀਨ ਆਉਂਦੇ ਹੈਬੋਵਾਲ ਖੇਤਰ ‘ਚ ਨਿਯਮਾਂ ਦੀ ਉਲੰਘਣਾ ਕਰਕੇ ਬਣ ਰਹੀਆਂ ਇਮਾਰਤਾਂ ਖ਼ਿਲਾਫ਼ ਬੀਤੇ ਦਿਨ ਨਗਰ ਨਿਗਮ ਨੇ ਤੇਜ਼ੀ ਨਾਲ ਕਾਰਵਾਈ ਕੀਤੀ। ਇਸ ਦੌਰਾਨ ਬਲਾਕ 34 ਵਿੱਚ ਜਵਾਲਾ ਸਿੰਘ ਚੌਕ ਤੋਂ ਮੱਛੀ ਮੰਡੀ ਤੱਕ ਨਾਜਾਇਜ਼ ਤੌਰ ’ਤੇ ਬਣੀਆਂ 5 ਦੁਕਾਨਾਂ ਨੂੰ ਢਾਹ ਦਿੱਤਾ ਗਿਆ। ਇਸੇ ਤਰ੍ਹਾਂ ਚੰਦਰ ਨਗਰ ਨੇੜੇ ਮੱਲੀ ਪੈਲੇਸ ਰੋਡ ‘ਤੇ ਬਿਨਾਂ ਕੋਈ ਫੀਸ ਜਮਾਂ ਕਰਵਾਏ 5 ਦੁਕਾਨਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ।
ਏ.ਟੀ.ਪੀ ਜਗਦੀਪ ਸਿੰਘ ਅਨੁਸਾਰ ਇਨ੍ਹਾਂ ਦੁਕਾਨਾਂ ਦੀ ਉਸਾਰੀ ਦਾ ਨਕਸ਼ਾ ਨਗਰ ਨਿਗਮ ਵੱਲੋਂ ਪਾਸ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੱਸੀਆਂ ਰੋਡ ਸਥਿਤ ਰਿਹਾਇਸ਼ੀ ਖੇਤਰ ਵਿੱਚ ਚੱਲ ਰਹੀਆਂ ਦੋ ਫੈਕਟਰੀਆਂ ਨੂੰ ਵੀ ਆਸ-ਪਾਸ ਦੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸੀਲ ਕਰ ਦਿੱਤਾ ਗਿਆ ਹੈ।
ਬੀਤੇ ਦਿਨ ਹੀ ਨਗਰ ਨਿਗਮ ਨੇ ਜ਼ੋਨ ਸੀ ਖੇਤਰ ‘ਚ ਸਥਿਤ 4 ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਕੀਤੀ। ਇਹ ਕਲੋਨੀਆਂ ਕੰਗਣਵਾਲ ਪੁਲਿਸ ਚੌਕੀ, ਸਟਾਰ ਰੋਡ ਲੋਹਾਰਾ, ਈਸਟਮੈਨ ਚੌਕ ਨੇੜੇ ਅਤੇ ਸਤਿਸੰਗ ਘਰ ਰੋਡ ’ਤੇ ਬਣ ਰਹੀਆਂ ਸਨ। ਕਲੋਨੀਆਂ ਦੀ ਉਸਾਰੀ ਲਈ ਨਗਰ ਨਿਗਮ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ ਸੀ, ਉਥੇ ਬਣੀਆਂ ਸੜਕਾਂ, ਸੀਵਰੇਜ ਸਿਸਟਮ ਅਤੇ ਮਕਾਨ ਵੀ ਢਾਹ ਦਿੱਤੇ ਗਏ ਹਨ। ਏਟੀਪੀ ਜਗਦੀਪ ਸਿੰਘ ਅਨੁਸਾਰ ਇਨ੍ਹਾਂ ਕਲੋਨੀਆਂ ਨੂੰ ਬਣਾਉਣ ਵਾਲਿਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ ਅਤੇ ਰਜਿਸਟਰੇਸ਼ਨ ਅਤੇ ਬਿਜਲੀ ਕੁਨੈਕਸ਼ਨ ਜਾਰੀ ਕਰਨ ਤੋਂ ਰੋਕਣ ਲਈ ਸਬੰਧਤ ਵਿਭਾਗਾਂ ਨੂੰ ਸਿਫਾਰਸ਼ ਭੇਜੀ ਜਾਵੇਗੀ।