November 5, 2024

ਦਵਿੰਦਰ ਬੰਬੀਹਾ ਗੈਂਗ ਦੇ 6 ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਮੋਗਾ : ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਮੋਗਾ ਪੁਲਿਸ (Moga police) ਨੇ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ (Davinder Bambiha gang) ਦੇ 6 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 30 ਬੋਰ ਦੇ 3 ਪਿਸਤੌਲ, 3 ਕਾਰਤੂਸ, 315 ਬੋਰ ਦਾ ਇੱਕ ਪਿਸਤੌਲ ਅਤੇ 2 ਕਾਰਾਂ, ਇੱਕ ਫਾਰਚੂਨਰ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਇਲਾਕੇ ‘ਚ ਗਸ਼ਤ ਦੌਰਾਨ ਉਨ੍ਹਾਂ ਨੂੰ ਗੈਂਗਸਟਰ ਸਬੰਧੀ ਸੂਚਨਾ ਮਿਲੀ।

ਪੁਲਿਸ ਨੂੰ ਸੂਚਨਾ ਮਿਲੀ ਕਿ ਗੈਂਗਸਟਾਰ ਦਵਿੰਦਰ ਬੰਬੀਹਾ ਤੋਂ ਸੰਬੰਧਿਤ ਲਵਪ੍ਰੀਤ ਸਿੰਘ ਉਰਫ ਲੱਬੀ ਵਾਸੀ ਲਾਹੌਰੀਆਂ ਮੁਹੱਲਾ ਮੋਗਾ, ਜੋ ਸਬ ਜੇਲ੍ਹ ਮੋਗਾ ਵਿੱਚ ਬੰਦ ਸੁਨੀਲ ਕੁਮਾਰ ਉਰਫ਼ ਬਾਬਾ ਵਾਸੀ ਰੇਗਰ ਬਸਤੀ ਮੋਗਾ ਦੇ ਸਾਥੀ ਕਰਨ ਕੁਮਾਰ, ਵਿੱਕੀ ਉਰਫ਼ ਗਾਂਧੀ, ਹੇਮਪ੍ਰੀਤ ਸਿੰਘ ਉਰਫ਼ ਚੀਮਾ, ਸਾਹਿਲ ਸ਼ਰਮਾ ਉਰਫ਼ ਸ਼ਾਲੂ ਫਾਰਚੂਨਰ ਅਤੇ ਵਰਨਾ ਕਾਰ ਵਿੱਚ ਸਵਾਰ ਹੋ ਕੇ ਮੇਹਨਾ ਬਸ ਸਟੈਂਡ ਦੇ ਪਾਸ ਕਿਸੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਖੜ੍ਹੇ ਹੈ ਅਤੇ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਕੀਤੇ ਜਾ ਸਕਦੇ ਹਨ।

ਇਨ੍ਹਾਂ ਕੋਲ ਹਥਿਆਰ ਅਤੇ ਨਾਜਾਇਜ਼ ਕਾਰਤੂਸ ਵੀ ਹਨ ਅਤੇ ਉਹ ਸੁਨੀਲ ਕੁਮਾਰ ਬਾਬਾ ਅਤੇ ਲਵਪ੍ਰੀਤ ਸਿੰਘ ਲੱਬੀ ਦੇ ਇਸ਼ਾਰੇ ‘ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਕੇ ਉਸ ਖ਼ਿਲਾਫ਼ ਥਾਣਾ ਮੇਹਨਾ ‘ਚ ਮਾਮਲਾ ਦਰਜ ਕਰ ਲਿਆ। ਉਸ ਕੋਲੋਂ 30 ਬੋਰ ਦੇ 3 ਪਿਸਤੌਲ, 3 ਕਾਰਤੂਸ, 315 ਬੋਰ ਦਾ ਇਕ ਪਿਸਤੌਲ, ਪੁਲਿਸ ਪਾਰਟੀ ਦੀ ਫਾਰਚੂਨਰ ਅਤੇ ਵਰਨਾ ਕਾਰ ਬਰਾਮਦ ਹੋਏ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਲੱਬੀ ਨੂੰ ਸਬ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਸਾਰੇ ਨੌਜਵਾਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੁੱਛਗਿੱਛ ਲਈ ਪੇਸ਼ ਕੀਤਾ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਵਿੱਕੀ ਉਰਫ ਗਾਂਧੀ ਖ਼ਿਲਾਫ਼ ਥਾਣਾ ਸਿਟੀ ਸਾਊਥ ਮੋਗਾ ਵਿੱਚ 6 ਕੇਸ ਦਰਜ ਹਨ। ਸੁਨੀਲ ਕੁਮਾਰ ਬਾਬਾ ਦੇ ਖ਼ਿਲਾਫ਼ 13 ਮੁਕੱਦਮੇ ਦਰਜ ਹਨ ਅਤੇ ਇੱਕ ਮਾਮਲੇ ਵਿੱਚ ਸੁਨੀਲ ਬਾਬਾ ਨੂੰ 9 ਅਪ੍ਰੈਲ 2023 ਨੂੰ ਮਾਣਯੋਗ ਅਦਾਲਤ ਵੱਲੋਂ ਢਾਈ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਲਵਪ੍ਰੀਤ ਸਿੰਘ ਲੱਬੀ ਦੇ ਖ਼ਿਲਾਫ਼ 1 ਅਪ੍ਰੈਲ ਨੂੰ ਥਾਣਾ ਸਿਟੀ ਮੋਗਾ ਵਿਖੇ ਅਸਲਾ ਅਧੀਨ ਕੇਸ ਦਰਜ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਹੈ ਕਿ ਉਕਤ ਹਥਿਆਰ ਬਾਹਰਲੇ ਸੂਬਿਆਂ ਤੋਂ ਮੰਗਵਾਏ ਗਏ ਸਨ ਅਤੇ ਇਨ੍ਹਾਂ ਦੇ ਹੋਰ ਸਾਥੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵੀ ਜਲਦ ਹੀ ਫੜੇ ਜਾਣ ਦੀ ਸੰਭਾਵਨਾ ਹੈ।

By admin

Related Post

Leave a Reply