ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਹਕੀਮਾ (Amritsar police station Hakima) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ।ਅੰਮ੍ਰਿਤਸਰ ਦੇ ਥਾਣਾ ਹਕੀਮਾ ਵਿੱਚ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ। ਇਸ ਵਾਰਦਾਤ ਦੌਰਾਨ ਇਕ ਨੌਜਵਾਨ ਦੇ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।

ਇਸ ਦੌਰਾਨ ਜ਼ਖ਼ਮੀ ਨੌਜਵਾਨ ਆਪਣੀ ਜਾਨ ਬਚਾਉਣ ਲਈ ਥਾਣੇ ਅੰਦਰ ਚਲਾ ਗਿਆ ਅਤੇ ਉੱਥੇ ਜਾ ਕੇ ਡਿੱਗ ਗਿਆ। ਇਸ ਉਪਰੰਤ ਜਦੋਂ ਥਾਣੇ ਦੇ SSO ਨੇ ਜ਼ਖ਼ਮੀ ਨੌਜਵਾਨ ਨੂੰ ਦੇਖਿਆ ਤਾਂ ਉਹ ਆਪਣੀ ਗੱਡੀ ‘ਚ ਬਿਠਾ ਕੇ ਉਸਨੂੰ ਹਸਪਤਾਲ ਲੈ ਕੇ ਗਏ, ਜਿੱਥੇ ਨੌਜਵਾਨ ਨੇ ਦਮ ਤੋੜ ਦਿੱਤਾ ਹੈ।

ਇਸ ਦੌਰਾਨ ਨੌਜਵਾਨ ਦੇ ਪਰਿਵਾਰਕ ਮੈਂਬਰ ਨੂੰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਤਾਂ ਪਰਿਵਾਰ ਤੁਰੰਤ ਹਸਪਤਾਲ ਪਹੁੰਚ ਗਿਆ। ਨੌਜਵਾਨ ਪੁੱਤ ਨੂੰ ਮ੍ਰਿਤਕ ਪਾਇਆ ਦੇਖ  ਮਾਂ ਦਾ ਰੋ-ਰੋ ਬੁਰਾ ਹਾਲ ਸੀ। ਇਸ ਦੌਰਾਨ ਮ੍ਰਿਤਕ ਦੀ ਮਾਤਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਨਵੰਬਰ ‘ਚ ਮੇਰੇ ਪੁੱਤ ਨੂੰ ਕੁਝ ਲੋਕ ਅਗਵਾ ਕਰ ਕੇ ਲੈ ਗਏ ਸਨ ਅਤੇ ਉਸ ਨਾਲ ਬਹੁਤ ਕੁੱਟਮਾਰ ਕੀਤੀ ਸੀ।

ਮਾਂ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ 3 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਿਸ ‘ਤੇ ਉਨ੍ਹਾਂ ਨੇ 6 ਬੰਡਲ 50-50 ਹਜ਼ਾਰ ਦੇ ਦਿੱਤੇ ਗਏ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੈਂ ਮੁਲਜ਼ਮਾਂ ਬਾਰੇ ਥਾਣੇ ‘ਚ ਰਿਪੋਰਟ ਕਰਵਾਈ ਤਾਂ ਉਨ੍ਹਾਂ ਨੇ 1.50 ਲੱਖ ਰੁਪਏ ਵਾਪਸ ਦੇ ਦਿੱਤੇ। ਜਿਸ ਤੋਂ ਬਾਅਦ ਥਾਣੇ ‘ਚ ਜਦੋਂ ਮੁਲਜ਼ਮਾਂ ਨੂੰ ਲਿਆਂਦਾ ਗਿਆ ਤਾਂ ਬਾਕੀ ਦੇ 1.50 ਲੱਖ ਰੁਪਏ ਵਾਪਸ ਦਿੱਤੇ ਸੀ।

ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੂੰ ਹਰ ਐਗਲ ਤੋਂ ਦੇਖਿਆ ਜਾ ਰਿਹਾ ਹੈ, ਫਿਲਹਾਲ ਨੌਜਵਾਨ ਦੇ ਕਤਲ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਪੁਲਿਸ ਵੱਲੋਂ ਟੀਮਾਂ ਤਾਇਨਾਤ ਕਰ ਸੀ.ਸੀ.ਟੀ.ਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ ਅਤੇ ਇਸ ਮਾਮਲੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ।

Leave a Reply