ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਾਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਨੇੜਲੇ ਪਿੰਡ ਰਮਦਾਸਪੁਰ ਵਿਖੇ ਛੋਟੇ ਭਰਾ ਨੇ ਵੱਡੇ ਭਰਾ ਦਾ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਹੈ। ਮ੍ਰਿਤਕ ਦੀ ਪਹਿਚਾਣ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਵਜੋਂ ਹੋਈ ਹੈ।
ਮੁਲਜ਼ਮ ਮਨਪ੍ਰੀਤ ਸਿੰਘ ਨੇ ਕਤਲ ਕਰਨ ਤੋ ਬਾਅਦ ਪਿੰਡ ਦੇ ਸਰਪੰਚ ਸ਼ਮਿੰਦਰ ਸਿੰਘ ਨੂੰ ਫੋਨ ‘ਤੇ ਕਿਹਾ ਕਿ ਸਾਡੇ ਘਰ ਬੰਦੇ ਪੈ ਗਏ। ਸਰਪੰਚ ਵਲੋਂ ਤਰੁੰਤ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕੀਤਾ ਗਿਆ।ਜਦੋਂ ਪੁਲਿਸ ਸਰਪੰਚ ਨਾਲ ਮੌਕੇ ਪੁੱਜੀ ਤਾਂ ਘਰ ਦੀਆਂ ਲਾਈਟਾਂ ਬੰਦ ਸਨ ਤੇ ਘਰ ਦਾ ਬਾਹਰਲਾ ਗੇਟ ਲੱਗਾ ਹੋਇਆ ਸੀ। ਪੁਲਿਸ ਵੱਲੋਂ ਜਦੋਂ ਕਮਰੇ ਅੰਦਰ ਜਾ ਕੇ ਵੇਖਿਆ ਤਾਂ ਮਨਜੋਤ ਸਿੰਘ ਖੂਨ ਨਾਲ ਲੱਥਪੱਥ ਪਿਆ ਸੀ।
ਜ਼ਿਕਰਯੋਗ ਕਿ ਉੱਕਤ ਮਿ੍ਤਕ ਨੌਜਵਾਨ ਦੇ ਮਾਂ ਪਿਓ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।ਇਹ ਦੋਵੇਂ ਭਰਾ ਦਾਦੀ ਨਰੰਜਣ ਕੌਰ ਪਤਨੀ ਲੇਟ ਨੰਬਰਦਾਰ ਹਰਭਜਨ ਸਿੰਘ ਨਾਲ ਰਹਿ ਰਹੇ ਸਨ। ਉੱਕਤ ਕਤਲ ਦੀ ਘਟਨਾ ਦਾ ਪਤਾ ਚੱਲਦਿਆਂ ਸਾਰ ਡੀਐਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ,ਐਸ.ਐਚ.ਓ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਗਈ।