ਜੌਨਪੁਰ: ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ‘ਚ ਤਾਈਕਵਾਂਡੋ ਖਿਡਾਰੀ ਅਨੁਰਾਗ ਯਾਦਵ (Taekwondo player Anurag Yadav) ਦਾ ਤਲਵਾਰ ਨਾਲ ਸਿਰ ਵੱਢ ਕੇ ਕਤਲ ਕਰਨ ਵਾਲੇ ਦੋਸ਼ੀ ਸਬ-ਇੰਸਪੈਕਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਸਬ-ਇੰਸਪੈਕਟਰ ਰਾਜੇਸ਼ ਯਾਦਵ ਮਾਮਲੇ ਦੇ ਮੁੱਖ ਦੋਸ਼ੀ ਰਮੇਸ਼ ਯਾਦਵ ਦਾ ਭਰਾ ਹੈ। ਉਹ ਕਤਲ ਕੇਸ ਵਿੱਚ ਵੀ ਸਹਿ ਮੁਲਜ਼ਮ ਹੈ।
ਤਲਵਾਰ ਨਾਲ ਸਿਰ ਵੱਢ ਕੇ ਕਤਲ ਕਰਨ ਦੇ ਮਾਮਲੇ ‘ਚ ਇੰਸਪੈਕਟਰ ਗ੍ਰਿਫ਼ਤਾਰ
ਵਧੀਕ ਪੁਲਿਸ ਸੁਪਰਡੈਂਟ ਅਰਵਿੰਦ ਕੁਮਾਰ ਵਰਮਾ ਨੇ ਦੱਸਿਆ ਕਿ ਮੇਰਠ ਦੇ ਮਵਾਨਾ ਪੁਲਿਸ ਸਟੇਸ਼ਨ ‘ਚ ਸਬ-ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਰਾਜੇਸ਼ ਯਾਦਵ ਨੂੰ ਬੀਤੇ ਦਿਨ ਗੌਰਬਾਦਸ਼ਾਹਪੁਰ ਥਾਣੇ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਪੁੱਛਗਿੱਛ ਦੌਰਾਨ ਰਾਜੇਸ਼ ਦਾ ਮੋਬਾਇਲ ਨੰਬਰ ਘਟਨਾ ਤੋਂ ਇਕ ਦਿਨ ਪਹਿਲਾਂ ਅਤੇ ਬਾਅਦ ‘ਚ ਮੁਲਜ਼ਮਾਂ ਨਾਲ ਗੱਲ ਕਰਨ ਦੀ ਪੁਸ਼ਟੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨਾਲ ਘਟਨਾ ਦੀ ਸਾਜ਼ਿਸ਼ ਵਿੱਚ ਇੰਸਪੈਕਟਰ ਰਾਜੇਸ਼ ਯਾਦਵ ਦੀ ਸ਼ਮੂਲੀਅਤ ਸਾਬਤ ਹੋ ਗਈ ਹੈ। ਐਡੀਸ਼ਨਲ ਐਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਵੀ ਪੁਲਿਸ ਨੇ ਮੁੱਖ ਮੁਲਜ਼ਮ ਰਮੇਸ਼ ਯਾਦਵ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਤਲਵਾਰ ਨਾਲ ਕਲਮ ਕਰ ਦਿੱਤਾ ਗਿਆ ਸੀ ਤਾਈਕਵਾਂਡੋ ਖਿਡਾਰੀ ਅਨੁਰਾਗ ਯਾਦਵ ਦਾ ਸਿਰ
ਦੱਸ ਦੇਈਏ ਕਿ 30 ਅਕਤੂਬਰ ਨੂੰ ਕਬੀਰੂਦੀਨਪੁਰ ਪਿੰਡ ਵਿੱਚ ਲਲਤਾ ਯਾਦਵ ਅਤੇ ਰਾਮਜੀਤ ਯਾਦਵ ਵਿਚਾਲੇ ਜ਼ਮੀਨੀ ਵਿਵਾਦ ਕਾਰਨ 17 ਸਾਲਾ ਤਾਈਕਵਾਂਡੋ ਖਿਡਾਰੀ ਅਨੁਰਾਗ ਯਾਦਵ ਦਾ ਸਿਰ ਤਲਵਾਰ ਨਾਲ ਵੱਢ ਦਿੱਤਾ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਲਤਾ ਪੁੱਤਰ ਰਮੇਸ਼ ਦੀਵਾਲੀ ਦੀ ਸਫ਼ਾਈ ਦੇ ਬਹਾਨੇ ਵਿਵਾਦਿਤ ਜ਼ਮੀਨ ‘ਤੇ ਘਾਹ ਦੀ ਸਫ਼ਾਈ ਕਰ ਰਿਹਾ ਸੀ। ਜਦੋਂ ਦੂਜੀ ਧਿਰ ਨੇ ਵਿਰੋਧ ਕੀਤਾ ਤਾਂ ਝਗੜਾ ਵਧ ਗਿਆ ਅਤੇ ਰਮੇਸ਼ ਨੇ ਮੌਕੇ ’ਤੇ ਮੌਜੂਦ ਰਾਮਜੀਤ ਦੇ ਪੁੱਤਰ ਅਨੁਰਾਗ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।