ਅੰਮ੍ਰਿਤਸਰ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼ਹਿਰ ਦੀ ਸਫਾਈ ਸਬੰਧੀ ਮੈਡੀਕਲ ਅਧਿਕਾਰੀਆਂ, ਇੰਪਰੂਵਮੈਂਟ ਟਰੱਸਟ ਅਤੇ ਪੁੱਡਾ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕੀਤੀ। ਕੂੜੇ ਦੀ ਸਮੱਸਿਆ ਦੇ ਮੱਦੇਨਜ਼ਰ ਉਨ੍ਹਾਂ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਅਤੇ ਪੁੱਡਾ ਵਰਗੀਆਂ ਏਜੰਸੀਆਂ ਨੂੰ ਆਪਣੇ ਅਧਿਕਾਰ ਖੇਤਰ ਅਧੀਨ ਪੈਂਦੇ ਜ਼ੋਨਾਂ ਵਿੱਚ ਸਫਾਈ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਆਦੇਸ਼ ਦਿੱਤੇ।
ਮੌਜੂਦਾ ਸਮੱਸਿਆ ਨੂੰ ਸਮਝਦਿਆਂ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਕੂੜਾ ਇਕੱਠਾ ਕਰਨ ਵਾਲੀ ਏਜੰਸੀ ਨੂੰ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਗਿਣਤੀ 110 ਤੋਂ ਵਧਾ ਕੇ 200 ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਨ ਲਈ ਵਿਸ਼ੇਸ਼ ਵਾਹਨ ਚਲਾਏ ਜਾਣਗੇ ਅਤੇ ਭਗਤਾਂ ਵਾਲੇ ਡੰਪਾਂ ‘ਤੇ ਨਵੀਆਂ ਬਾਇਓ ਰੀਮੀਡੀਏਸ਼ਨ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਏਜੰਸੀ ਜਾਂ ਠੇਕੇਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ, ਜਿੱਥੇ ਹਰ ਰੋਜ਼ ਇੱਕ ਲੱਖ ਦੇ ਕਰੀਬ ਸੈਲਾਨੀ ਬਾਹਰੋਂ ਆਉਂਦੇ ਹਨ, ਨੂੰ ਸਾਫ਼-ਸੁਥਰਾ ਰੱਖਣ ਅਤੇ ਇਸ ‘ਤੇ ਕੰਮ ਕਰਨ ਲਈ ਹੋਰ ਸਾਧਨਾਂ ਦੀ ਲੋੜ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਅਥਾਹ ਸੰਭਾਵਨਾ ਅਤੇ ਧਾਰਮਿਕ ਸ਼ਰਧਾਲੂਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ ਸਫ਼ਾਈ ਸਮੇਂ ਸਿਰ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਅਫ਼ਸਰ ਨਗਰ ਨਿਗਮ ਡਾ: ਕਿਰਨ ਕੁਮਾਰ ਨੂੰ ਕਿਹਾ ਕਿ ਉਹ ਆਪਣੀ ਨਿਗਰਾਨੀ ਹੇਠ ਸਫ਼ਾਈ ਵਿਵਸਥਾ ਦਾ ਜਾਇਜ਼ਾ ਲੈਣ ਅਤੇ ਸ਼ਹਿਰ ਦੀ ਹਰ ਰੋਜ਼ ਸਫ਼ਾਈ ਕਰਵਾਈ ਜਾਵੇ। ਇਸ ਮੌਕੇ ਐਕਸੀਅਨ ਸੰਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।