ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਭੜਕੀ ਹਿੰਸਾ ‘ਚ ਛੇ ਪੰਜਾਬੀ ਮੂਲ ਸਮੇਤ ਸੱਤ ਭਾਰਤੀ ਪਾਏ ਗਏ ਦੋਸ਼ੀ
By admin / August 10, 2024 / No Comments / Punjabi News
ਲੰਡਨ : ਇੰਗਲੈਂਡ (England) ਦੇ ਈਸਟ ਮਿਡਲੈਂਡਜ਼ ਖੇਤਰ ਦੇ ਡਰਬੀ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਭੜਕੀ ਹਿੰਸਾ ਵਿੱਚ ਛੇ ਪੰਜਾਬੀ ਮੂਲ ਦੇ ਸਮੇਤ ਸੱਤ ਭਾਰਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹ ਸਾਰੇ ਦੋਸ਼ੀ 24 ਤੋਂ 36 ਸਾਲ ਦੀ ਉਮਰ ਦੇ ਹਨ। ਇਸ ਹਿੰਸਕ ਘਟਨਾ ਵਿਚ ਬੰਦੂਕਾਂ ਅਤੇ ਚਾਕੂਆਂ ਦੀ ਵਰਤੋਂ ਕੀਤੀ ਗਈ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ। ਡਰਬੀ ਸ਼ਾਇਰ ਪੁਲਿਸ ਅਨੁਸਾਰ 20 ਅਗਸਤ 2023 ਨੂੰ ਅਲਵਾਸਟਨ ਵਿੱਚ ਹੋਏ ਕਬੱਡੀ ਟੂਰਨਾਮੈਂਟ ਦੌਰਾਨ ਦੋ ਗੁੱਟਾਂ ਵਿਚਾਲੇ ਲੜਾਈ ਹੋਈ ਸੀ। ਪੰਜ ਦੋਸ਼ੀਆਂ ਨੇ ਆਪਣੇ ਜੁਰਮ ਕਬੂਲ ਕਰ ਲਏ ਸਨ, ਜਦੋਂ ਕਿ ਦੋ ਹੋਰਾਂ – ਪਰਮਿੰਦਰ ਸਿੰਘ ਅਤੇ ਮਲਕੀਤ ਸਿੰਘ – ਨੂੰ ਅਦਾਲਤ ਨੇ ਪਿਛਲੇ ਹਫਤੇ ਦੋਸ਼ੀ ਪਾਇਆ ਸੀ। ਸਾਰਿਆਂ ਨੂੰ ਡਰਬੀ ਕਰਾਊਨ ਕੋਰਟ ਵਿੱਚ ਸਜ਼ਾ ਸੁਣਾਈ ਜਾਵੇਗੀ। ਡਿਟੈਕਟਿਵ ਚੀਫ਼ ਇੰਸਪੈਕਟਰ ਮੈਟ ਕਰੂਮ ਨੇ ਕਿਹਾ: ‘ਇੱਕ ਖੇਡ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਇੱਕ ਦਿਨ ਅਚਾਨਕ ਇੱਕ ਵੱਡੀ ਹਿੰਸਕ ਲੜਾਈ ਵਿੱਚ ਬਦਲ ਗਿਆ ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ।
ਪਰਮਿੰਦਰ ਸਿੰਘ (25) ਅਤੇ ਮਲਕੀਤ ਸਿੰਘ (24): ਦੋਵਾਂ ਨੂੰ ਜਿਊਰੀ ਨੇ ਹਿੰਸਕ ਵਿਗਾੜ ਅਤੇ ਅਸਲਾ ਰੱਖਣ ਦਾ ਦੋਸ਼ੀ ਪਾਇਆ ਹੈ। ਪਰਮਿੰਦਰ ਸਿੰਘ ਨੂੰ ਇੱਕ ਲੋਡਡ ਸੈਮੀ-ਆਟੋਮੈਟਿਕ ਪਿਸਤੌਲ ਸਮੇਤ ਮੌਕੇ ‘ਤੇ ਫੜਿਆ ਗਿਆ ਸੀ, ਅਤੇ ਉਸਦੇ ਡੀ.ਐਨ.ਏ ਨੇ ਉਸਨੂੰ ਇਸ ਪਿਸਤੌਲ ਨਾਲ ਜੋੜਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਲੜਾਈ ਪਹਿਲਾਂ ਤੋਂ ਯੋਜਨਾਬੱਧ ਸੀ। ਪਰਮਿੰਦਰ ਸਿੰਘ ਨੂੰ ਮੌਕੇ ‘ਤੇ ਹਥਿਆਰਾਂ ਸਮੇਤ ਦੇਖਿਆ ਗਿਆ ਅਤੇ ਪੁਲਿਸ ਨੇ ਉਸ ਕੋਲੋਂ ਇੱਕ ਅਰਧ-ਆਟੋਮੈਟਿਕ ਪਿਸਤੌਲ ਬਰਾਮਦ ਕੀਤਾ। ਜਦੋਂਕਿ ਦੂਜੇ ਧੜੇ ਦੇ ਮੈਂਬਰਾਂ ਵੱਲੋਂ ਮਲਕੀਤ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਗਿਆ।
ਪੁਲਿਸ ਨੇ ਇਸ ਮਾਮਲੇ ਦੀ ਜਾਂਚ ਵਿੱਚ ਦੇਸ਼ ਭਰ ਦੇ ਸੈਂਕੜੇ ਅਧਿਕਾਰੀਆਂ ਦੀ ਮਦਦ ਲਈ। ਹੋਰ ਜਿਨ੍ਹਾਂ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਉਨ੍ਹਾਂ ਵਿੱਚ ਕਰਮਜੀਤ ਸਿੰਘ, ਬਲਜੀਤ ਸਿੰਘ, ਹਰਦੇਵ ਉੱਪਲ, ਜਗਜੀਤ ਸਿੰਘ ਅਤੇ ਦੁੱਧਨਾਥ ਤ੍ਰਿਪਾਠੀ ਸ਼ਾਮਲ ਹਨ। ਸਾਰਿਆਂ ‘ਤੇ ਹਿੰਸਕ ਲੜਾਈ, ਹਥਿਆਰ ਰੱਖਣ ਅਤੇ ਜਾਨ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ ਲਾਏ ਗਏ ਹਨ। ਡਰਬੀਸ਼ਾਇਰ ਪੁਲਿਸ ਦੀ ਸੁਪਰਡੈਂਟ ਰੇਬੇਕਾ ਵੈਬਸਟਰ ਨੇ ਕਿਹਾ: ‘ਇਹ ਘਟਨਾ ਉਸ ਦਿਨ ਮੌਜੂਦ ਹਰ ਕਿਸੇ ਲਈ ਬਹੁਤ ਦੁਖਦਾਈ ਸੀ। ਅਸੀਂ ਉਹਨਾਂ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਥਾਨਕ ਭਾਈਚਾਰੇ ਦੇ ਉਹਨਾਂ ਦੇ ਸਮਰਥਨ ਦੀ ਸ਼ਲਾਘਾ ਕਰਦੇ ਹਾਂ।
ਹੋਰ ਦੋਸ਼ੀ:
ਕਰਮਜੀਤ ਸਿੰਘ (36)
ਬਲਜੀਤ ਸਿੰਘ (33)
ਹਰਦੇਵ ਉੱਪਲ (34)
ਜਗਜੀਤ ਸਿੰਘ (31)
ਦੂਧਨਾਥ ਤ੍ਰਿਪਾਠੀ (30)
ਇਨ੍ਹਾਂ ਪੰਜਾਂ ਦੋਸ਼ੀਆਂ ਨੇ ਆਪਣੇ ਜੁਰਮਾਂ ਨੂੰ ਵੀ ਕਬੂਲ ਕਰ ਲਿਆ ਹੈ, ਜਿਸ ਵਿੱਚ ਤੇਜ਼ਧਾਰ ਹਥਿਆਰ ਰੱਖਣ, ਅਸਲਾ ਰੱਖਣਾ ਅਤੇ ਗੰਭੀਰ ਸੱਟਾਂ ਮਾਰਨੀਆਂ ਸ਼ਾਮਲ ਹਨ।