ਰਾਜਸਥਾਨ: ਜੈਪੁਰ ਦੇ ਇੱਕ ਨਿੱਜੀ ਕਾਲਜ ਨੂੰ ਮੰਗਲਵਾਰ ਨੂੰ ਯਾਨੀ ਅੱਜ ਈਮੇਲ ਰਾਹੀਂ ਬੰਬ ਦੀ ਧਮਕੀ (A Bomb Threat) ਮਿਲੀ। ਪੁਲਿਸ ਅਨੁਸਾਰ ਪੁਲਿਸ ਟੀਮ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਕਾਲਜ ਦੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਿਸ ਨੇ ਦੱਸਿਆ ਕਿ ਸ਼ਾਸਤਰੀ ਨਗਰ ਸਥਿਤ ਐਸ.ਐਸ.ਜੀ. ਪਾਰੀਕ ਪੀ.ਜੀ. ਕਾਲਜ ਨੂੰ ਕਾਲਜ ਦੇ ਅਹਾਤੇ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਵਾਲਾ ਇੱਕ ਈਮੇਲ ਮਿਲਿਆ ਸੀ ।
ਈ-ਮੇਲ ‘ਕੇ.ਐਨ.ਆਰ.’ ਗਰੁੱਪ ਦੇ ਨਾਂ ‘ਤੇ ਭੇਜੀ ਗਈ ਸੀ, ਜਿਸ ਨੇ ਪਿਛਲੇ ਮਹੀਨੇ ਦਿੱਲੀ ‘ਚ ਸਕੂਲਾਂ ਨੂੰ ਦਿੱਤੀ ਗਈ ਬੰਬ ਦੀ ਧਮਕੀ ਦੀ ਜ਼ਿੰਮੇਵਾਰੀ ਵੀ ਲਈ ਹੈ। ਪੁਲਿਸ ਨੇ ਕਿਹਾ, ‘ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’ ਵਧੀਕ ਪੁਲਿਸ ਕਮਿਸ਼ਨਰ ਕੁੰਵਰ ਰਾਸ਼ਟਰਦੀਪ ਅਨੁਸਾਰ ਬੰਬ ਨਿਰੋਧਕ ਦਸਤਾ, ਕੁੱਤਿਆਂ ਦਾ ਦਸਤਾ ਅਤੇ ਕਿਊਆਰਟੀ ਚੈਕਿੰਗ ਕਰ ਰਹੇ ਹਨ। ਪੁਲਿਸ ਦੀਆਂ ਟੀਮਾਂ ਵੀ ਹਰ ਥਾਂ ‘ਤੇ ਤਲਾਸ਼ੀ ਲੈ ਰਹੀਆਂ ਹਨ।
ਹਾਲਾਂਕਿ ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ। ਧਮਕੀ ਭਰੀ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਹੁਣ ਤੱਕ ਸਿਰਫ ਇੱਕ ਕਾਲਜ ਨੂੰ ਅਜਿਹੀ ਧਮਕੀ ਭਰੀ ਮੇਲ ਮਿਲਣ ਦੀ ਸੂਚਨਾ ਮਿਲੀ ਹੈ।