ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ (Donald Trump Jr.) ਦੇ ਫਲੋਰੀਡਾ ਨਿਵਾਸ ‘ਤੇ ਭੇਜੀ ਗਈ ਚਿੱਠੀ ਵਿਚ ਚਿੱਟੇ ਪਾਊਡਰ ਵਰਗਾ ਪਦਾਰਥ ਮਿਲਣ ਤੋਂ ਬਾਅਦ ਬੀਤੇ ਦਿਨ ਐਮਰਜੈਂਸੀ ਕਰਮਚਾਰੀ ਹਰਕਤ ਵਿਚ ਆ ਗਏ ਹਨ।
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਪਦਾਰਥ ਕੀ ਹੈ ਪਰ ਅਧਿਕਾਰੀ ਇਸ ਨੂੰ ਘਾਤਕ ਨਹੀਂ ਸਮਝਦੇ। ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ ਹੈ । ਇਹ ਪੱਤਰ ਮਿਲਣ ਦੀ ਜਾਣਕਾਰੀ ਸਭ ਤੋਂ ਪਹਿਲਾਂ ‘ਦਿ ਡੇਲੀ ਬੀਸਟ’ ਨੇ ਦਿੱਤੀ ਸੀ।
ਜੂਨੀਅਰ ਟਰੰਪ ਨੇ ਉਹ ਪੱਤਰ ਖੋਲ੍ਹਿਆ ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਪੱਤਰ ਮਿਲਦੇ ਹੀ ‘ਹਜ਼ਮਤ ਸੂਟ’ (ਖਤਰਨਾਕ ਰਸਾਇਣਾਂ ਅਤੇ ਪਦਾਰਥਾਂ ਤੋਂ ਬਚਾਅ ਲਈ ਸੂਟ) ਪਹਿਨੇ ਐਮਰਜੈਂਸੀ ਕਰਮਚਾਰੀ ਹਰਕਤ ਵਿੱਚ ਆ ਗਏ। ਜੁਪੀਟਰ ਪੁਲਿਸ ਨੇ ਕਿਹਾ ਕਿ ਪਾਮ ਬੀਚ ਸ਼ੈਰਿਫ ਦਾ ਦਫ਼ਤਰ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਉਹ ਸੀਕ੍ਰੇਟ ਸਰਵਿਸ ਨਾਲ ਮਿਲ ਕੇ ਜਾਂਚ ਲਈ ਕੰਮ ਕਰ ਰਿਹਾ ਹੈ, ਪਰ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸਾਬਕਾ ਰਾਸ਼ਟਰਪਤੀ ਦੇ ਵੱਡੇ ਪੁੱਤਰ ਨੂੰ ਚਿੱਟਾ ਪਾਊਡਰ ਭੇਜਣ ਦੀ ਇਹ ਦੂਜੀ ਘਟਨਾ ਹੈ।