ਜਲੰਧਰ : ਛੋਟੀ ਬਾਰਾਦਰੀ ਸਥਿਤ ਇੰਡੋ ਸਟਾਰ ਦੇ ਮਾਲਕ ਸਵਰਾਜ ਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਥਾਣਾ 7 ਦੀ ਪੁਲਿਸ ਨੇ ਧੋਖਾਦੇਹੀ ਦੇ ਦੋ ਮਾਮਲੇ ਦਰਜ ਕੀਤੇ ਹਨ। ਇਸ ਏਜੰਟ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪਹਿਲੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਪੁੱਤਰ ਦਾਰਾ ਰਾਮ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਸਵਰਾਜ ਪਾਲ ਸਿੰਘ ਉਸ ਨੂੰ ਪਹਿਲਾਂ ਤੋਂ ਜਾਣਦਾ ਸੀ, ਜਿਸ ਨਾਲ ਉਸ ਦੀ 2022 ‘ਚ ਲੜਕੀ ਨੂੰ ਕੈਨੇਡਾ ਭੇਜਣ ਲਈ ਮੁਲਾਕਾਤ ਹੋਈ ਸੀ। ਵਿਜੇ ਸੀ.ਆਰ.ਪੀ.ਐਫ ਵਿੱਚ A.S.I. ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਸਵਰਾਜ ਪਾਲ ਸਿੰਘ ਨੇ ਭਰੋਸਾ ਦਿੱਤਾ ਸੀ ਕਿ ਉਹ ਉਸ ਦੀ ਲੜਕੀ ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜ ਦੇਵੇਗਾ, ਜਿਸ ‘ਤੇ 20 ਤੋਂ 25 ਲੱਖ ਰੁਪਏ ਖਰਚ ਹੋਣਗੇ। ਵਿਜੇ ਨੇ ਆਪਣੀ ਬੇਟੀ ਦੇ ਨਾਂ ‘ਤੇ ਸਟੱਡੀ ਲੋਨ ਅਤੇ ਆਪਣੇ ਨਾਂ ‘ਤੇ ਪਰਸਨਲ ਲੋਨ ਲਿਆ ਅਤੇ 15 ਲੱਖ ਰੁਪਏ ਸਵਰਾਜ ਪਾਲ ਸਿੰਘ ਨੂੰ ਦੇ ਦਿੱਤੇ ਅਤੇ ਉਸ ਦਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਸੌਂਪ ਦਿੱਤੇ। ਪੈਸੇ ਲੈ ਕੇ ਸਵਰਾਜ ਪਾਲ ਸਿੰਘ ਨੇ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਸਮਾਂ ਬੀਤ ਜਾਣ ‘ਤੇ ਵੀ ਜਦੋਂ ਏਜੰਟ ਨੇ ਕੋਈ ਕੰਮ ਨਹੀਂ ਕੀਤਾ ਤਾਂ ਵਿਜੇ ਨੇ ਆਪਣੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਅਜਿਹੇ ‘ਚ ਸਵਰਾਜ ਪਾਲ ਸਿੰਘ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਵਿਜੇ ਨੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਜਿਸ ਦੀ ਜਾਂਚ ਤੋਂ ਬਾਅਦ ਸਵਰਾਜ ਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ 7 ਦੇ ਖ਼ਿਲਾਫ਼ ਥਾਣਾ ਸਦਰ ‘ਚ ਮਾਮਲਾ ਦਰਜ ਕਰ ਲਿਆ ਗਿਆ।

ਦੂਜੇ ਮਾਮਲੇ ਵਿੱਚ ਪ੍ਰੇਮਲਾਲ ਵਾਸੀ ਫਗਵਾੜਾ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਰਾਹੁਲ ਨੂੰ ਸਟੱਡੀ ਵੀਜ਼ੇ ’ਤੇ ਯੂ.ਕੇ ਭੇਜਣਾ ਸੀ। ਸਵਰਾਜ ਪਾਲ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਰਾਹੁਲ ਨੂੰ ਯੂ.ਕੇ. ਭੇਜ ਦੇਣਗੇ ਪਰ ਇਸ ‘ਤੇ 20 ਲੱਖ ਰੁਪਏ ਖਰਚ ਆਉਣਗੇ। ਪ੍ਰੇਮਲਾਲ ਨੇ ਸਵਰਾਜ ਪਾਲ ਸਿੰਘ ਨੂੰ 16.50 ਲੱਖ ਰੁਪਏ ਦਿੱਤੇ ਪਰ ਪੈਸੇ ਲੈਣ ਤੋਂ ਬਾਅਦ ਸਵਰਾਜ ਪਾਲ ਸਿੰਘ ਨੇ ਨਾ ਤਾਂ ਉਸ ਦਾ ਕੋਈ ਕੰਮ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਪ੍ਰੇਮਲਾਲ ਦੇ ਬਿਆਨਾਂ ’ਤੇ ਸਵਰਾਜਪਾਲ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ।

Leave a Reply