ਜਲਗਾਓਂ ‘ਚ ‘ਲਖਪਤੀ ਦੀਦੀ’ ਰੈਲੀ ਨੂੰ ਸੰਬੋਧਿਤ ਕਰਦੇ ਹੋਏ PM ਮੋਦੀ ਨੇ ਕਹੀ ਇਹ ਗੱਲ
By admin / August 25, 2024 / No Comments / Punjabi News
ਜਲਗਾਓਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਐਤਵਾਰ ਨੂੰ ਯਾਨੀ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਔਰਤਾਂ ਲਈ ਜਿੰਨਾ ਕੰਮ ਕੀਤਾ ਹੈ, ਉਹ ਆਜ਼ਾਦੀ ਤੋਂ ਬਾਅਦ ਕਿਸੇ ਵੀ ਪਿਛਲੀ ਸਰਕਾਰ ਨੇ ਨਹੀਂ ਕੀਤਾ ਹੈ। ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ‘ਚ ‘ਲਖਪਤੀ ਦੀਦੀ’ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਖ਼ਿਲਾਫ਼ ਅਪਰਾਧਾਂ ਲਈ ਸਖ਼ਤ ਸਜ਼ਾ ਦੇਣ ਲਈ ਕਾਨੂੰਨਾਂ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ‘2014 ਤੱਕ, ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ 25,000 ਕਰੋੜ ਰੁਪਏ ਤੋਂ ਘੱਟ ਦੇ ਕਰਜ਼ੇ ਦਿੱਤੇ ਗਏ ਸਨ, ਪਰ ਪਿਛਲੇ 10 ਸਾਲਾਂ ਵਿੱਚ, 9 ਲੱਖ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ।
ਮੋਦੀ ਨੇ ਕਿਹਾ ਕਿ ਰਾਜ ਦੀ ਸਥਿਰਤਾ ਅਤੇ ਖੁਸ਼ਹਾਲੀ ਯਕੀਨੀ ਬਣਾਉਣ ਲਈ ਮਹਾਰਾਸ਼ਟਰ ‘ਚ ਭਾਜਪਾ ਦੀ ਅਗਵਾਈ ਵਾਲੀ ਮਹਾਗਠਜੋੜ ਸਰਕਾਰ ਨੂੰ ਸਾਲਾਂ ਤੱਕ ਬਰਕਰਾਰ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ, ”ਮਹਾਰਾਸ਼ਟਰ ਵਿਕਸਤ ਭਾਰਤ ਦਾ ਚਮਕਦਾ ਸਿਤਾਰਾ ਹੈ। ਸੂਬੇ ਦਾ ਭਵਿੱਖ ਜ਼ਿਆਦਾ ਨਿਵੇਸ਼ ਅਤੇ ਰੁਜ਼ਗਾਰ ਦੇ ਵਾਧੇ ‘ਤੇ ਨਿਰਭਰ ਕਰਦਾ ਹੈ।” ਜਲਗਾਓਂ ‘ਚ ‘ਲਖਪਤੀ ਦੀਦੀ’ ਨਾਲ ਗੱਲ ਕਰਦੇ ਹੋਏ ਮੋਦੀ ਨੇ 2,500 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ, ਜਿਸ ਨਾਲ 4.3 ਲੱਖ ਸਵੈ-ਸਹਾਇਤਾ ਸਮੂਹਾਂ ਦੇ 48 ਲੱਖ ਮੈਂਬਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਲਖਪਤੀ ਦੀਦੀ ਯੋਜਨਾ’ ਦਾ ਉਦੇਸ਼ ਨਾ ਸਿਰਫ਼ ਔਰਤਾਂ ਦੀ ਆਮਦਨ ਵਧਾਉਣਾ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਸ਼ਕਤ ਬਣਾਉਣਾ ਵੀ ਹੈ।