ਦੀਨਾਨਗਰ : ਵਿਧਾਨ ਸਭਾ (Vidhan Sabha) ਹਲਕਾ ਦੀਨਾਨਗਰ (Dinanagar) ਅਧੀਨ ਪੈਂਦੇ ਕਸਬਾ ਦੋਰਾਗਲਾ ਵਿਖੇ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ। ਚੋਰਾਂ ਵੱਲੋਂ ਸਰਕਾਰੀ ਸਕੂਲ ਦੋਰਾਗਲਾ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੰਟੀਨ ਦੇ ਕਮਰੇ ਦਾ ਤਾਲਾ ਤੋੜ ਕੇ ਅੰਦਰੋਂ ਦੋ ਗੈਸ ਸਿਲੰਡਰ ਚੋਰੀ ਕਰ ਲਏ ਗਏ। ਦੂਜੇ ਪਾਸੇ ਪਤਾ ਲੱਗਾ ਹੈ ਕਿ ਪੁਲਿਸ ਨੇ 4 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਰਾਜ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਦਰਸ਼ਨ ਕੁਮਾਰ ਸਕੂਲ ਵਿੱਚ ਚੌਕੀਦਾਰ ਹੋਣ ਦੇ ਨਾਲ-ਨਾਲ ਕੰਟੀਨ ਵਿੱਚ ਕੰਮ ਵੀ ਕਰਦਾ ਹੈ। ਕੱਲ੍ਹ ਸਕੂਲ ਛੱਡਣ ਤੋਂ ਬਾਅਦ ਦਰਸ਼ਨ ਕੁਮਾਰ ਕੰਟੀਨ ਨੂੰ ਤਾਲਾ ਲਗਾ ਕੇ ਬਾਜ਼ਾਰ ਚਲਾ ਗਿਆ ਅਤੇ ਜਦੋਂ ਸ਼ਾਮ 6 ਵਜੇ ਦੇ ਕਰੀਬ ਵਾਪਸ ਸਕੂਲ ਆਇਆ ਤਾਂ ਦੇਖਿਆ ਕਿ ਕੰਟੀਨ ਦੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ 2 ਗੈਸ ਸਿਲੰਡਰ ਗਾਇਬ ਸਨ, ਜੋ ਕਿ ਚੋਰੀ ਹੋ ਚੁੱਕੇ ਸਨ। ਪੁਲਿਸ ਨੇ ਜਾਂਚ ਤੋਂ ਬਾਅਦ ਸਕੂਲ ਮੁਖੀ ਦੇ ਬਿਆਨਾਂ ਦੇ ਆਧਾਰ ‘ਤੇ ਰਾਜਾ, ਸ਼ੁਭਮ ਵਾਸੀ ਦੋਰਾਂਗਲਾ, ਜਤਿੰਦਰ ਵਾਸੀ ਤਾਜਪੁਰ ਅਤੇ ਸੁਖਮਨ ਵਾਸੀ ਖੁਸ਼ੀਪੁਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।