ਸੰਗਰੂਰ: ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) 26 ਜਨਵਰੀ ਨੂੰ ਝੰਡਾ ਲਹਿਰਾਉਣਗੇ ਜਾਂ ਨਹੀਂ, ਇਸ ਮਾਮਲੇ ‘ਤੇ ਅੱਜ ਫ਼ੈਸਲਾ ਆਇਆ ਹੈ। ਸੰਗਰੂਰ ਕੋਰਟ (Sangrur Court) ‘ਚ ਅੱਜ ਹੋਈ ਸੁਣਵਾਈ ਦੌਰਾਨ ਉਨ੍ਹਾਂ ਨੂੰ ਸੁਨਾਮ ਦੀ ਅਦਾਲਤ ਵੱਲੋਂ ਸੁਣਾਈ ਗਈ ਦੋ ਸਾਲ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਨਾਲ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਉਸ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ 9 ਵਿਅਕਤੀਆਂ ਨੂੰ 21 ਦਸੰਬਰ ਨੂੰ ਸੁਨਾਮ ਦੀ ਅਦਾਲਤ ਨੇ ਦੋ-ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਮਗਰੋਂ ਅਰੋੜਾ ਨੇ ਸਜ਼ਾ ਖ਼ਿਲਾਫ਼ ਜ਼ਿਲ੍ਹਾ ਸੈਸ਼ਨ ਅਦਾਲਤ ਸੰਗਰੂਰ ਦਾ ਰੁਖ਼ ਕੀਤਾ ਸੀ।
ਪੰਜਾਬ-ਹਰਿਆਣਾ ਹਾਈ ਕੋਰਟ ਨੇ ਅਮਨ ਅਰੋੜਾ ਨੂੰ 21 ਦਸੰਬਰ 2023 ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਵਿਧਾਇਕ ਵਜੋਂ ਅਯੋਗ ਕਰਾਰ ਦਿੰਦਿਆਂ ਅੰਮ੍ਰਿਤਸਰ ‘ਚ ਝੰਡਾ ਲਹਿਰਾਉਣ ਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕਰਨ ਦੀ ਮੰਗ ’ਤੇ ਸੁਣਵਾਈ 25 ਜਨਵਰੀ ਨੂੰ ਮੁਕੱਰਰ ਕੀਤੀ ਸੀ। ਅੱਜ ਅਮਨ ਅਰੋੜਾ ਦੇ ਵਕੀਲ ਸਰਤੇਜ ਨਰੂਲਾ ਨੇ ਹਾਈਕੋਰਟ ਨੂੰ ਭਰੋਸਾ ਦਿੱਤਾ ਕਿ ਜੇਕਰ ਸੰਗਰੂਰ ਸੈਸ਼ਨ ਕੋਰਟ ਅੱਜ ਅਮਨ ਅਰੋੜਾ ਦੀ ਸਜ਼ਾ ‘ਤੇ ਰੋਕ ਨਹੀਂ ਲਗਾਉਂਦੀ ਤਾਂ ਉਹ ਭਲਕੇ ਗਣਤੰਤਰ ਦਿਵਸ ‘ਤੇ ਤਿਰੰਗਾ ਨਹੀਂ ਲਹਿਰਾਉਣਗੇ। ਇਸ ਭਰੋਸੇ ‘ਤੇ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।