ਕੈਨੇਡੀਅਨ ਪੁਲਿਸ ਨੇ 3 ਪੰਜਾਬੀ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
By admin / February 8, 2024 / No Comments / Punjabi News
ਜਲੰਧਰ : ਕੈਨੇਡਾ ਦੇ ਬਰੈਂਪਟਨ ‘ਚ 2 ਲੜਕੀਆਂ ਸਮੇਤ 5 ਪੰਜਾਬੀ ਨੌਜਵਾਨਾਂ ‘ਤੇ ਫਿਰੌਤੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਕੈਨੇਡੀਅਨ ਪੁਲਿਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (ਈ.ਆਈ.ਟੀ.ਐੱਫ.) ਨੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਦੇ ਸਹਿਯੋਗ ਨਾਲ ਸਰਚ ਵਾਰੰਟ ਜਾਰੀ ਕੀਤਾ ਸੀ, ਜਿਸ ਦੇ ਨਤੀਜੇ ਵਜੋਂ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਗ੍ਰਿਫਤਾਰੀ ਹੋਈ ਹੈ।
ਕੌਣ ਹਨ ਦੋਸ਼ੀ ?
ਪੀਲ ਰੀਜਨਲ ਪੁਲਿਸ ਦੇ ਅਧਿਕਾਰਤ ਬਿਆਨ ਅਨੁਸਾਰ ਮੁਲਜ਼ਮਾਂ ਦੀ ਪਛਾਣ ਗਗਨ ਅਜੀਤ ਸਿੰਘ, ਹਸ਼ਮੀਤ ਕੌਰ, ਝਮਨਜੋਤ ਕੌਰ, ਅਨਮੋਲਦੀਪ ਸਿੰਘ ਅਤੇ ਅਰੁਣਦੀਪ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੰਜਾਬੀ ਮੂਲ ਦੇ ਹਨ। ਇਨ੍ਹਾਂ ਸਾਰਿਆਂ ਨੂੰ ਜਬਰੀ ਵਸੂਲੀ ਅਤੇ ਹਥਿਆਰ ਰੱਖਣ ਦੇ ਜੁਰਮ ਵਿੱਚ ਨਾਮਜ਼ਦ ਕੀਤਾ ਗਿਆ ਹੈ। ਹਸ਼ਮੀਤ ਕੌਰ, ਇਮਾਨਜੋਤ ਕੌਰ ਅਤੇ ਅਜੀਤ ਸਿੰਘ ਬਰੈਂਪਟਨ ਤੋਂ ਸਨ, ਅਨਮੋਲਦੀਪ ਸਿੰਘ ਮਿਸੀਸਾਗਾ ਤੋਂ ਸਨ ਅਤੇ ਅਰੁਣਦੀਪ ਸਿੰਘ ਦਾ ਕੋਈ ਠਿਕਾਣਾ ਨਹੀਂ ਹੈ।
ਜ਼ਮਾਨਤ ਲਈ ਅਦਾਲਤ ‘ਚ ਕੀਤਾ ਗਿਆ ਪੇਸ਼
ਬਰੈਂਪਟਨ ਦੇ ਰਹਿਣ ਵਾਲੇ 23 ਸਾਲਾ ਗਗਨ ਅਜੀਤ ਸਿੰਘ ‘ਤੇ ਦੋਸ਼ ਹੈ ਕਿ ਉਹ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ । ਲੋਕਾਂ ਦੀ ਜਾਇਦਾਦ ਨੂੰ ਅੱਗ ਲਾਉਣ ਅਤੇ ਗੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦਾ ਵੀ ਉਸ ‘ਤੇ ਦੋਸ਼ ਹੈ। ਇਸ ਤੋਂ ਇਲਾਵਾ ਉਸ ਨੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਕੀਤੀ ਹੈ। ਅਨਮੋਲਦੀਪ ਸਿੰਘ ‘ਤੇ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਰੱਖਣ ਦੇ ਨਾਲ-ਨਾਲ ਕਥਿਤ ਤੌਰ ‘ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਦੋਵਾਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਸ਼ਿਕਾਇਤ ਵਿੱਚ ਅਰੁਣਦੀਪ ਥਿੰਡ ਨੂੰ ਫਿਰੌਤੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਸ ਨੂੰ ਜ਼ਮਾਨਤ ਲਈ ਅਦਾਲਤ ਵਿਚ ਵੀ ਪੇਸ਼ ਕੀਤਾ ਗਿਆ ਹੈ। ਹਸ਼ਮੀਤ ਕੌਰ ਅਤੇ ਇਮਨਜੋਤ ਕੌਰ ‘ਤੇ ਵੀ ਅਣਅਧਿਕਾਰਤ ਹਥਿਆਰ ਰੱਖਣ ਦੇ ਦੋਸ਼ ਹਨ। ਇਮਨਜੋਤ ਕੌਰ ਅਤੇ ਹਸ਼ਮੀਤ ਕੌਰ ਵੀ ਆਉਣ ਵਾਲੇ ਦਿਨਾਂ ਵਿੱਚ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣਗੀਆਂ।