ਫਤਿਹਗੜ੍ਹ ਸਾਹਿਬ : ਕੈਨੇਡਾ (Canada) ਗਈ ਪਤਨੀ ਵੱਲੋਂ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕਰਨ ‘ਤੇ ਲੜਕੇ ਦੇ ਦਾਦੇ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਸਰਹਿੰਦ ਦੀ ਪੁਲਿਸ ਨੇ ਨੂੰਹ ਅਤੇ ਉਸ ਦੇ ਵਿਦੇਸ਼ ਰਹਿੰਦੇ ਮਾਪਿਆਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਸਰਹਿੰਦ ਦੇ ਸਹਾਇਕ ਐਸ.ਐਚ.ਓ ਜਸਵੀਰ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਸਵ. ਸੁੱਚਾ ਸਿੰਘ ਵਾਸੀ ਪਿੰਡ ਮੰਡੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਦੋਸਤ ਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਸ਼ੀਦਪੁਰ ਤਹਿਸੀਲ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਜਾਣਕਾਰ ਪਿਆਰਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭਾਰੇ ਰੋਡ ਚਮਕੌਰ ਸਾਹਿਬ ਦੁੱਧ ਦਾ ਕੰਮ ਕਰਦਾ ਹੈ। ਹਰਸਿਮਰਨ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਪਿੰਡ ਖਿਜ਼ਰਾਬਾਦ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਨੇ ਆਈਲੈਟਸ ਕਰ ਕੇ ਬੈਂਡ ਹਾਸਲ ਕੀਤੇ ਸਨ। ਉਹ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਉਸ ਕੋਲ ਕੈਨੇਡਾ ਜਾਣ ਲਈ ਪੈਸੇ ਨਹੀਂ ਸਨ।

ਜੇਕਰ ਉਹ ਕੈਨੇਡਾ ਜਾਣ ਲਈ ਪੈਸੇ ਖਰਚ ਕਰ ਦੇਵੇ ਤਾਂ ਹਰਸਿਮਰਨ ਕੌਰ ਉਸ ਦੀ ਨੂੰਹ ਬਣ ਸਕਦੀ ਹੈ। ਫਿਰ ਰਜਿੰਦਰ ਸਿੰਘ ਨੇ ਹਰਸਿਮਰਨ ਕੌਰ ਦੀ ਮਾਤਾ ਕਰਮਜੀਤ ਕੌਰ, ਪਿਤਾ ਤਰਲੋਚਨ ਸਿੰਘ, ਚਾਚਾ ਗੁਰਪ੍ਰੀਤ ਸਿੰਘ ਪੁੱਤਰ ਕਾਕਾ ਸਿੰਘ, ਪਿਆਰਾ ਸਿੰਘ ਪੁੱਤਰ ਕਰਤਾਰ ਸਿੰਘ, ਕੁਲਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮਾਜਰੀ ਠੇਕੇਦਾਰ ਜ਼ਿਲ੍ਹਾ ਰੂਪਨਗਰ ਨਾਲ ਰਿਸ਼ਤਾ ਕਰਵਾਉਣ ਸਬੰਧੀ ਗੱਲਬਾਤ ਕਰਵਾਈ।

ਇਸ ਤੋਂ ਬਾਅਦ ਉਸ ਦੇ ਭਰਾ ਹਰਦੀਪ ਸਿੰਘ ਪੁੱਤਰ ਜਸ਼ਨਪ੍ਰੀਤ ਸਿੰਘ ਦਾ ਵਿਆਹ 17 ਜੁਲਾਈ 2023 ਨੂੰ ਹਰਸਿਮਰਨ ਕੌਰ ਨਾਲ ਹੋਇਆ। ਉਸ ਤੋਂ ਬਾਅਦ ਹਰਸਿਮਰਨ ਕੌਰ ਨੂੰ ਪ੍ਰੇਮਜੀਤ ਕੌਰ ਨੇ 30 ਲੱਖ ਰੁਪਏ ਖਰਚ ਕੇ ਕੈਨੇਡਾ ਭੇਜ ਦਿੱਤਾ, ਪਰ ਵਿਦੇਸ਼ ਜਾਣ ਤੋਂ ਬਾਅਦ ਹਰਸਿਮਰਨ ਕੌਰ ਨੇ ਸਾਡੇ ਪਰਿਵਾਰ ਨਾਲੋਂ ਸੰਪਰਕ ਤੋੜ ਦਿੱਤਾ ਤਾਂ ਹਰਸਿਮਰਨ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਤੁਹਾਡੇ ਲੜਕੇ ਨੂੰ ਵਿਦੇਸ਼ ਨਹੀਂ ਲੈ ਕੇ ਜਾਵੇਗੀ, ਜਿਸ ਕਾਰਨ ਸੁੱਚਾ ਸਿੰਘ ਪ੍ਰੇਸ਼ਾਨ ਰਹਿਣ ਲੱਗਾ ਅਤੇ ਕਹਿਣ ਲੱਗੇ ਕਿ ਹਰਸਿਮਰਨ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਧੋਖਾ ਕੀਤਾ ਹੈ। ਫਿਰ ਪਿੱਛੇ ਜਿਹੇ ਉਸ ਦੇ ਪਿਤਾ ਸੁੱਚਾ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਸੁੱਚਾ ਸਿੰਘ ਦੀ ਲਾਸ਼ ਭਾਖੜਾ ਨਹਿਰ ਨਰਵਾਣਾ ਬ੍ਰਾਂਚ, ਪੁਲ ਨਹਿਰ, ਜੈਨਗਰ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਨੇੜੇ ਮਿਲੀ।

ਦਵਿੰਦਰ ਸਿੰਘ ਦੇ ਬਿਆਨਾਂ ‘ਤੇ ਲੜਕੀ ਹਰਸਿਮਰਨ ਕੌਰ, ਮਾਤਾ ਕਰਮਜੀਤ ਕੌਰ, ਪਿਤਾ ਤਰਲੋਚਨ ਸਿੰਘ, ਚਾਚਾ ਗੁਰਪ੍ਰੀਤ ਸਿੰਘ, ਪਿਆਰਾ ਸਿੰਘ ਅਤੇ ਕੁਲਵਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਥਾਣਾ ਸਰਹਿੰਦ ਵਿਖੇ ਧਾਰਾ 306 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਸੁੱਚਾ ਸਿੰਘ ਦੀ ਲਾਸ਼ ਸਿਵਲ ਹਸਪਤਾਲ ‘ਚ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Leave a Reply