ਮੁੰਬਈ: ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ (Bollywood actor Nana Patekar) ਨੇ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਨਾਨਾ ਪਾਟੇਕਰ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕਿਸਾਨਾਂ ਨੂੰ ਕੁੱਝ ਨਹੀਂ ਮੰਗਣਾ ਚਾਹੀਦਾ ਸਗੋਂ ਇਹ ਤੈਅ ਕਰਨਾ ਚਾਹੀਦਾ ਹੈ ਕਿ ਦੇਸ਼ ਵਿੱਚ ਕਿਸ ਦੀ ਸਰਕਾਰ ਲਿਆਉਣੀ ਹੈ। ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਅਸੀਂ ‘ਦਿੱਲੀ ਚੱਲੋ’ ਮਾਰਚ ਵਾਪਸ ਨਹੀਂ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਉਹ 14 ਮਾਰਚ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ ‘ਤੇ ‘ਕਿਸਾਨ ਮਹਾਪੰਚਾਇਤ’ ਆਯੋਜਿਤ ਕਰੇਗਾ।
‘ਹੁਣ ਸਰਕਾਰ ਤੋਂ ਕੁਝ ਨਾ ਮੰਗੋ’
ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨੇ ਕਿਸਾਨਾਂ ਦਾ ਪੱਖ ਲੈਂਦੇ ਹੋਏ ਕਿਹਾ, ਪਹਿਲਾਂ 80 ਤੋਂ 90 ਫੀਸਦੀ ਕਿਸਾਨ ਸਨ, ਹੁਣ 50 ਫੀਸਦੀ ਕਿਸਾਨ ਹਨ। ਹੁਣ ਸਰਕਾਰ ਤੋਂ ਕੁੱਝ ਨਾ ਮੰਗੋ। ਹੁਣ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸਰਕਾਰ ਲਿਆਉਣਾ ਚਾਹੁੰਦੇ ਹੈ।ਮੈਂ ਰਾਜਨੀਤੀ ਵਿੱਚ ਨਹੀਂ ਜਾ ਸਕਦਾ ਕਿਉਂਕਿ ਜੋ ਮੇਰੇ ਪੇਟ ਵਿੱਚ ਹੈ, ਉਹ ਮੇਰੇ ਮੂੰਹ ਵਿੱਚੋਂ ਨਿਕਲੇਗਾ। ਉਹ ਮੈਨੂੰ ਪਾਰਟੀ ਵਿੱਚੋਂ ਕੱਢ ਦੇਣਗੇ। ਪਾਰਟੀਆਂ ਬਦਲੇ-ਬਦਲ ਇੱਕ ਮਹੀਨੇ ਵਿੱਚ ਸਾਰੀਆਂ ਪਾਰਟੀਆਂ ਖ਼ਤਮ ਹੋ ਜਾਣਗੀਆਂ। ਇੱਥੇ ਅਸੀਂ ਤੁਹਾਡੇ ਸਾਹਮਣੇ ਅਰਥਾਤ ਸਾਡੇ ਕਿਸਾਨ ਭਰਾਵਾਂ ਦੇ ਅੱਗੇ ਆਪਣੇ ਦਿਲ ਦੀ ਗੱਲ ਕਰ ਸਕਦੇ ਹਾਂ । ਜਦੋ ਸਾਨੂੰ ਰੋਜ਼ ਰੋਟੀ ਦੇਣ ਵਾਲੇ ਦੀ ਕੋਈ ਪਰਵਾਹ ਨਹੀਂ ਕਰਦਾ, ਤਾਂ ਸਾਨੂੰ ਸਰਕਾਰ ਦੀ ਕੀ ਪਰਵਾਹ ਹੈ?
6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ
ਦੱਸ ਦੇਈਏ ਕਿ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨਗੇ ਅਤੇ ਕਿਸਾਨ ਯੂਨੀਅਨਾਂ ਨੇ 10 ਮਾਰਚ ਨੂੰ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ‘ਦਿੱਲੀ ਚੱਲੋ’ ਦੇ ਨਾਅਰੇ ਨਾਲ 21 ਦਿਨ ਪਹਿਲਾਂ ਅੰਦੋਲਨ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਦੀ ਸਰਹੱਦ ‘ਤੇ ਰੋਕ ਦਿੱਤਾ ਗਿਆ ਸੀ। ਉਦੋਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਸਰਵਣ ਸਿੰਘ ਪੰਧੇਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ‘ਦਿੱਲੀ ਚੱਲੋ’ ਮਾਰਚ ਵਾਪਸ ਨਹੀਂ ਲਿਆ ਹੈ। ਅਸੀਂ ਹਾਈਵੇਅ ਤੋਂ ਬੈਰੀਕੇਡ ਹਟਾਉਣ ਤੱਕ ਇੰਤਜ਼ਾਰ ਕਰਾਂਗੇ। ਸਾਡਾ ਵਿਰੋਧ ਸਰਹੱਦਾਂ ‘ਤੇ ਜਾਰੀ ਰਹੇਗਾ। ਕਿਸਾਨ ਯੂਨੀਅਨ ਦੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਪੰਜਾਬ-ਹਰਿਆਣਾ ਸਰਹੱਦ ’ਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰਨਗੇ।