ਜਲੰਧਰ: ਕਿਸਾਨਾਂ ਦੇ ਧਰਨੇ ਕਾਰਨ ਆਮ ਰੇਲ ਗੱਡੀਆਂ ਦੇ ਨਾਲ-ਨਾਲ ਸੁਪਰਫਾਸਟ ਰੇਲ ਗੱਡੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਾਰਨ ਮੁਸਾਫਰਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਇਸ ਸਿਲਸਿਲੇ ‘ਚ 9 ਮਈ ਨੂੰ ਲਗਭਗ 184 ਟਰੇਨਾਂ ਪ੍ਰਭਾਵਿਤ ਹੋਣਗੀਆਂ, ਜਿਨ੍ਹਾਂ ‘ਚ ਸ਼ਾਨ-ਏ-ਪੰਜਾਬ ਦੀਆਂ ਕਈ ਪ੍ਰਮੁੱਖ ਟਰੇਨਾਂ ਸ਼ਾਮਲ ਹਨ। ਜੇਕਰ ਅੱਜ ਪ੍ਰਭਾਵਿਤ ਟਰੇਨਾਂ ਦੀ ਗੱਲ ਕਰੀਏ ਤਾਂ ਟਰੇਨ ਨੰਬਰ 12203 ਸਵਰਨ ਸ਼ਤਾਬਦੀ ਸਿਟੀ ਸਟੇਸ਼ਨ ‘ਤੇ 6 ਘੰਟੇ ਦੀ ਦੇਰੀ ਨਾਲ ਪਹੁੰਚੀ ਜਦਕਿ 12203 ਗਰੀਬ ਰੱਥ 23 ਘੰਟੇ ਦੀ ਦੇਰੀ ਨਾਲ ਸਿਟੀ ਸਟੇਸ਼ਨ ‘ਤੇ ਪਹੁੰਚੀ। ਇਸ ਸਮੁੱਚੀ ਘਟਨਾ ਵਿੱਚ ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਵੇਖੀ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਨੂੰ ਹੋਰ ਵਿਕਲਪਾਂ ਤੋਂ ਵੀ ਰਾਹਤ ਨਹੀਂ ਮਿਲ ਰਹੀ ਹੈ।

ਸ਼ੰਭੂ ਸਟੇਸ਼ਨ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਰੇਲ ਟਰੈਕ ਦੇ ਨਾਲ-ਨਾਲ ਸੜਕ ਮਾਰਗ ਵੀ ਰੋਕਿਆ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਬੱਸਾਂ ਰਾਹੀਂ ਦਿੱਲੀ ਰੂਟ ’ਤੇ ਜਾਣ ਵਿਚ ਕਾਫੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਰੇਲਵੇ ਵੱਲੋਂ ਇਸ ਪ੍ਰੇਸ਼ਾਨੀ ਕਾਰਨ ਟਰੇਨਾਂ ਦੇ ਰੂਟਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਵਿਚ ਦੇਰੀ ਹੋ ਰਹੀ ਹੈ। ਰੇਲਵੇ ਵੱਲੋਂ ਰੋਜ਼ਾਨਾ ਕਈ ਟਰੇਨਾਂ ਨੂੰ ਰਸਤੇ ਵਿਚ ਸ਼ਾਰਟ ਟਰਮੀਨੇਟ ਕਰਦਿਆਂ ਵਾਪਸ ਭੇਜਿਆ ਜਾ ਰਿਹਾ ਹੈ।

ਇਸੇ ਲੜੀ ਵਿਚ ਵਿਭਾਗ ਵੱਲੋਂ ਜਾਰੀ ਕੀਤੇ ਸ਼ਡਿਊਲ ਮੁਤਾਬਕ 9 ਮਈ ਨੂੰ 184 ਦੇ ਕਰੀਬ ਟਰੇਨਾਂ ਪ੍ਰਭਾਵਿਤ ਰਹਿਣਗੀਆਂ। ਇਸ ਵਿਚ ਕੁਝ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ, ਜਦਕਿ 115 ਤੋਂ ਜ਼ਿਆਦਾ ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਉਥੇ ਹੀ, 69 ਰੇਲ ਗੱਡੀਆਂ ਰੱਦ ਰਹਿਣਗੀਆਂ। ਇਨ੍ਹਾਂ ਵਿਚ ਦਿੱਲੀ ਜਾਣ ਵਾਲੀਆਂ ਗੱਡੀਆਂ ਦੇ ਨਾਲ-ਨਾਲ ਚੰਡੀਗੜ੍ਹ-ਅੰਮ੍ਰਿਤਸਰ ਰੂਟ ਦੀਆਂ ਕਈ ਗੱਡੀਆਂ ਸ਼ਾਮਲ ਹਨ।

Leave a Reply