November 5, 2024

ਕਿਸਾਨ ਅੰਦੋਲਨ ਨੂੰ ਲੈ ਕੇ ਅਕਾਲੀ ਦਲ ਨੇ ਲਿਆ ਅਹਿਮ ਫ਼ੈਸਲਾ

ਅੰਮ੍ਰਿਤਸਰ: ਪੰਜਾਬ ਅਤੇ ਹਰਿਆਣਾ (Punjab and Haryana) ਦੇ ਕਿਸਾਨ ਇੱਕ ਵਾਰ ਫਿਰ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਲੀ ਦੀ ਸਰਹੱਦ ‘ਤੇ ਖੜ੍ਹੇ ਹੋ ਗਏ ਹਨ। ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਕਈ ਸਿਆਸੀ ਪਾਰਟੀਆਂ ਵੀ ਕਿਸਾਨ ਅੰਦੋਲਨ 2.0 ਦੇ ਹੱਕ ਵਿੱਚ ਆ ਰਹੀਆਂ ਹਨ। ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ‘ਪੰਜਾਬ ਬਚਾਓ ਯਾਤਰਾ’ ਮੁਲਤਵੀ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ‘ਐਕਸ’ ‘ਤੇ ਪੋਸਟ ਪਾ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਇਕਜੁੱਟਤਾ ਵਜੋਂ ਪਾਰਟੀ ਦੀ ਚੱਲ ਰਹੀ “ਪੰਜਾਬ ਬਚਾਓ ਯਾਤਰਾ” ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਅਣਥਕ ਕੰਮ ਕੀਤਾ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹੈ। ਮੌਜੂਦਾ ਸਥਿਤੀ ‘ਤੇ ਵਿਚਾਰ ਕਰਨ ਲਈ ਪਾਰਟੀ ਦੀ ਕੋਰ ਕਮੇਟੀ ਦੀ ਇਕ ਹੰਗਾਮੀ ਮੀਟਿੰਗ 15 ਫਰਵਰੀ 2024 (ਵੀਰਵਾਰ) ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਬੁਲਾਈ ਗਈ ਹੈ।

PunjabKesari

ਬੇਸਿੱਟਾ ਰਹਿ ਚੁੱਕੀ ਹੈ ਕਿਸਾਨਾਂ ਦੀ ਮੰਤਰੀਆਂ ਨਾਲ ਮੀਟਿੰਗ
ਜ਼ਿਕਰਯੋਗ ਹੈ ਕਿ ਕੇਂਦਰੀ ਕੈਬਨਿਟ ਵਜ਼ੀਰਾਂ ਦੀ ਟੀਮ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਸੋਮਵਾਰ ਨੂੰ ਦੂਜੇ ਗੇੜ ਦੀ ਕਰੀਬ ਸਾਢੇ ਪੰਜ ਘੰਟੇ ਚੱਲੀ ਮੀਟਿੰਗ ’ਚ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਅਤੇ ਕਰਜ਼ਾ ਮੁਆਫ਼ੀ ਦੇ ਮੁੱਦੇ ’ਤੇ ਸਹਿਮਤੀ ਨਹੀਂ ਬਣ ਸਕੀ ਸੀ। ਦੂਜੇ ਗੇੜ ਦੀ ਮੀਟਿੰਗ ਵਿਚ ਮਾਹੌਲ ਤਲਖ਼ਮਈ ਰਿਹਾ ਅਤੇ ਆਖਰ ਗੱਲ ਟੁੱਟ ਗਈ। ਕੇਂਦਰੀ ਨੇਤਾਵਾਂ ਵੱਲੋਂ ਕੋਈ ਹੁੰਗਾਰਾ ਨਾ ਭਰੇ ਜਾਣ ਤੋਂ ਰੋਹ ਵਿਚ ਆਏ ਕਿਸਾਨ ਨੇਤਾਵਾਂ ਨੇ ਕਰੀਬ 11.35 ਵਜੇ ਮੀਟਿੰਗ ’ਚੋਂ ਬਾਹਰ ਆ ਕੇ ਐਲਾਨ ਕੀਤਾ ਕਿ ਉਹ ਮੰਗਲਵਾਰ ‘ਦਿੱਲੀ ਕੂਚ’ ਕਰਨਗੇ। ਇਸ ਦੇ ਬਾਅਦ ਬੀਤੇ ਦਿਨ ਕਿਸਾਨਾਂ ਨੇ ਸਵੇਰੇ ਦਿੱਲੀ ਵੱਲ ਕੂਚ ਕਰ ਦਿੱਤਾ।

ਸੂਤਰਾਂ ਅਨੁਸਾਰ ਕੇਂਦਰੀ ਵਜ਼ੀਰਾਂ ਨੇ ਅਖੀਰ ਵਿਚ ਕਿਸਾਨਾਂ ਨੂੰ ਇਹ ਪੇਸ਼ਕਸ਼ ਵੀ ਕੀਤੀ ਸੀ ਕਿ ਉਹ ਕੇਂਦਰੀ ਖੇਤੀ ਮੰਤਰੀ ਦੀ ਅਗਵਾਈ ਹੇਠ ਇਨ੍ਹਾਂ ਮੰਗਾਂ ਨੂੰ ਵਿਚਾਰਨ ਲਈ ਇਕ ਕਮੇਟੀ ਦਾ ਗਠਨ ਕਰਨਗੇ, ਜਿਨ੍ਹਾਂ ਵਿਚ ਸੂਬਿਆਂ ਦੇ ਖੇਤੀ ਮੰਤਰੀਆਂ ਤੋਂ ਇਲਾਵਾ ਕਿਸਾਨ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਪਰ ਕਿਸਾਨ ਆਗੂਆਂ ਨੇ ਇਹ ਪੇਸ਼ਕਸ਼ ਸਿਰੇ ਤੋਂ ਨਕਾਰ ਦਿੱਤੀ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਮੀਟਿੰਗ ਮਗਰੋਂ ਕਿਹਾ ਸੀ ਕਿ ਕਿਸਾਨ ਕਿਸੇ ਵੀ ਤਰ੍ਹਾਂ ਦਾ ਟਕਰਾਅ ਨਹੀਂ ਚਾਹੁੰਦੇ ਸਨ ਅਤੇ ਗੱਲਬਾਤ ਦੇ ਜ਼ਰੀਏ ਮਾਮਲਾ ਸਿਰੇ ਲਾਉਣਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਅਹਿਮ ਮੰਗਾਂ ਮੰਨਣ ਦੇ ਰੌਂਅ ਵਿਚ ਨਹੀਂ ਹੈ। ਸਰਕਾਰ ਦੇ ਮਨ ਵਿਚ ਖੋਟ ਹੈ ਅਤੇ ਸਰਕਾਰ ਸਮਾਂ ਲੰਘਾਉਣਾ ਚਾਹੁੰਦੀ ਹੈ।

ਤੀਜੇ ਗੇੜ ਦੀ ਮੀਟਿੰਗ ਲਈ ਕਿਸਾਨਾਂ ਨੂੰ ਦਿੱਤਾ ਗਿਆ ਸੱਦਾ 
ਉਥੇ ਹੀ ਸਰਕਾਰ ਨੇ ਮੁੜ ਕਿਸਾਨ ਆਗੂਆਂ ਨੂੰ ਤੀਜੇ ਗੇੜ ਦੀ ਬੈਠਕ ਲਈ ਬੁਲਾਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਤੀਜੇ ਗੇੜ ਦੀ ਬੈਠਕ ‘ਚ ਗੱਲ ਬਣੇਗੀ ਜਾਂ ਨਹੀਂ। ਉੱਥੇ ਹੀ ਦਿੱਲੀ ਬਾਰਡਰ ‘ਤੇ ਭਾਰੀ ਜਾਮ ਲੱਗਾ ਹੋਇਆ ਹੈ। ਦੱਸਣਯੋਗ ਹੈ ਕਿ 12 ਫਰਵਰੀ ਦੀ ਰਾਤ ਚੰਡੀਗੜ੍ਹ ‘ਚ ਸਾਢੇ 5 ਘੰਟੇ ਚੱਲੀ ਮੀਟਿੰਗ ‘ਚ ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ) ਗਾਰੰਟੀ ਕਾਨੂੰਨ ਅਤੇ ਕਰਜ਼ ਮੁਆਫ਼ੀ ‘ਤੇ ਸਹਿਮਤੀ ਨਹੀਂ ਬਣ ਸਕੀ ਸੀ। ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਕਿਹਾ,”ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੀਰੀਅਸ ਨਹੀਂ ਹੈ। ਉਨ੍ਹਾਂ ਦੇ ਮਨ ‘ਚ ਖੋਟ ਹੈ। ਉਹ ਸਿਰਫ਼ ਟਾਈਮ ਪਾਸ ਕਰਨਾ ਚਾਹੁੰਦੀ ਹੈ। ਅਸੀਂ ਸਰਕਾਰ ਦੇ ਪ੍ਰਸਤਾਵ ‘ਤੇ ਵਿਚਾਰ ਕਰਾਂਗੇ ਪਰ ਅੰਦੋਲਨ ‘ਤੇ ਕਾਇਮ ਹਾਂ।”

ਕੀ ਹਨ ਮੰਗਾਂ
ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਮਕਸਦ ਆਪਣੀਆਂ ਮੰਗਾਂ ਵਿਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ੇ ਮੁਆਫ਼ ਕਰਨ, ਪੁਲਸ ਵੱਲੋਂ ਦਰਜ ਕੀਤੇ ਕੇਸ ਵਾਪਸ ਲੈਣ, ਲਖੀਮਪੁਰੀ ਦੇ ਪੀੜਤਾਂ ਨੂੰ ਰਾਹਤ ਦੇਣ ਆਦਿ ਸ਼ਾਮਲ ਹਨ। ਕਿਸਾਨ ‘ਨਿਆਂ’, ਭੂਮੀ ਗ੍ਰਹਿਣ ਕਾਨੂੰਨ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

By admin

Related Post

Leave a Reply