ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਪ੍ਰਯਾਗਰਾਜ-ਭਿਵਾਨੀ ਕਾਲਿੰਦੀ ਐਕਸਪ੍ਰੈੱਸ (The Prayagraj-Bhiwani Kalindi Express) ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਦਾ ਅੱਜ ਯਾਨੀ ਸੋਮਵਾਰ ਨੂੰ ਪਰਦਾਫਾਸ਼ ਹੋ ਗਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਬੀਤੀ ਸਵੇਰੇ ਮੁਡੇਰੀ ਪਿੰਡ ‘ਚ ਕਰਾਸਿੰਗ ਨੇੜੇ ਰੇਲਵੇ ਟਰੈਕ ‘ਤੇ ਰੱਖੇ ਐਲ.ਪੀ.ਜੀ. ਗੈਸ ਸਿਲੰਡਰ ਨਾਲ ਟਰੇਨ ਦੀ ਟੱਕਰ ਹੋ ਗਈ। ਲੋਕੋ ਪਾਇਲਟ ਦੀ ਤੇਜ਼ ਪ੍ਰਤੀਕਿਰਿਆ ਨੇ ਐਮਰਜੈਂਸੀ ਬ੍ਰੇਕਾਂ ਲਗਾ ਕੇ ਇੱਕ ਗੰਭੀਰ ਹਾਦਸਾ ਹੋਣ ਤੋਂ ਰੋਕ ਦਿੱਤਾ।

ਪੁਲਿਸ ਮੁਤਾਬਕ ਇਹ ਘਟਨਾ ਸਵੇਰੇ 8.20 ਵਜੇ ਦੇ ਕਰੀਬ ਵਾਪਰੀ ਜਦੋਂ ਕਾਲਿੰਦੀ ਐਕਸਪ੍ਰੈਸ ਹਰਿਆਣਾ ਦੇ ਭਿਵਾਨੀ ਵੱਲ ਜਾ ਰਹੀ ਸੀ। ਸ਼ਿਵਰਾਜਪੁਰ ਦੇ ਨੇੜੇ, ਲੋਕੋ ਪਾਇਲਟ ਨੇ ਐਲ.ਪੀ.ਜੀ. ਗੈਸ ਸਿਲੰਡਰ ਨੂੰ ਟਰੈਕ ‘ਤੇ ਪਿਆ ਦੇਖਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਦਿੱਤੀ। ਹਾਲਾਂਕਿ ਟਰੇਨ ਸਿਲੰਡਰ ਨਾਲ ਟਕਰਾ ਗਈ, ਜਿਸ ਕਾਰਨ ਸਿਲੰਡਰ ਪਟੜੀ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਟਰੇਨ ਤੁਰੰਤ ਰੁਕ ਗਈ।

ਟਰੇਨ ਕਰੀਬ 20 ਮਿੰਟ ਤੱਕ ਮੌਕੇ ‘ਤੇ ਖੜ੍ਹੀ ਰਹੀ ਜਦੋਂ ਕਿ ਲੋਕੋ ਪਾਇਲਟ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐੱਫ.) ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਰੇਲਗੱਡੀ ਮੁੱਢਲੀ ਚੈਕਿੰਗ ਲਈ ਬਿਲਹੌਰ ਸਟੇਸ਼ਨ ‘ਤੇ ਰੁਕੀ ਅਤੇ ਫਿਰ ਆਪਣਾ ਸਫ਼ਰ ਜਾਰੀ ਰੱਖਿਆ। ਆਰ.ਪੀ.ਐਫ. ਅਤੇ ਉੱਤਰ ਪ੍ਰਦੇਸ਼ ਪੁਲਿਸ ਨੇ ਮੌਕੇ ਤੋਂ ਪੈਟਰੋਲ ਨਾਲ ਭਰੀ ਇੱਕ ਬੋਤਲ, ਮਾਚਿਸ ਅਤੇ ਇੱਕ ਬੈਗ ਸਮੇਤ ਹੋਰ ਸ਼ੱਕੀ ਵਸਤੂਆਂ ਬਰਾਮਦ ਕੀਤੀਆਂ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪੈਟਰੋਲ ਦੀ ਬੋਤਲ ਨੂੰ ਅਸਥਾਈ ਪੈਟਰੋਲ ਬੰਬ ਵਜੋਂ ਤਿਆਰ ਕੀਤਾ ਗਿਆ ਸੀ।

ਕਾਨਪੁਰ ਦੇ ਪੁਲਿਸ ਕਮਿਸ਼ਨਰ ਹਰੀਸ਼ ਚੰਦਰਾ ਨੇ ਕਿਹਾ ਕਿ ਫੋਰੈਂਸਿਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰੇਲਵੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮਹੱਤਵਪੂਰਨ ਰੇਲਵੇ ਮਾਰਗਾਂ ‘ਤੇ ਸੁਰੱਖਿਆ ਉਪਾਅ ਵਧਾ ਦਿੱਤੇ ਹਨ। ਆਰ.ਪੀ.ਐਫ. ਅਤੇ ਯੂ.ਪੀ ਪੁਲਿਸ ਦੇ ਡਾਗ ਸਕੁਐਡ ਦੀ ਮਦਦ ਨਾਲ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਅਨਵਰਗੰਜ-ਕਾਸਗੰਜ ਰੇਲਵੇ ਮਾਰਗ ‘ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।

Leave a Reply