ਕਾਲਰ ਦਾ ਨਾਂ ਸਕ੍ਰੀਨ ’ਤੇ ਦਿਖਾਉਣਾ ਜ਼ਰੂਰੀ ਕਰ ਸਕਦੀ ਹੈ ਸਰਕਾਰ
By admin / March 6, 2024 / No Comments / Punjabi News
ਗੈਜੇਟ ਬਾਕਸ: ਫੋਨ ਸਕ੍ਰੀਨ ’ਤੇ ਕਾਲਰ ਦਾ ਨਾਂ ਦਿਖਾਉਣਾ ਸਰਕਾਰ ਜ਼ਰੂਰੀ ਕਰ ਸਕਦੀ ਹੈ। ਸਰਕਾਰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਦੀ ਇਸ ਤਜਵੀਜ਼ ਦੇ ਪੱਖ ’ਚ ਦਿਖਾਈ ਦੇ ਰਹੀ ਹੈ ’ਤੇ ਇਸ ਬਾਰੇ ਸਕਾਰਾਤਮਕ ਫ਼ੈਸਲੇ ਦੀ ਉਮੀਦ ਹੈ। ਟ੍ਰਾਈ ਦੇ ਇਸ ਫ਼ੈਸਲੇ ’ਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਮੋਬਾਈਲ ਫੋਨ ਇਸਤੇਮਾਲ ਕਰਨ ਵਾਲੇ ਗਾਹਕਾਂ ਦੀ ਸੁਰੱਖਿਆ ’ਤੇ ਉਨ੍ਹਾਂ ਦੀ ਨਿੱਜਤਾ ਦੋਵੇਂ ਹੀ ਅਹਿਮ ਹਨ। ਗਾਹਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਸ ਨੂੰ ਕੌਣ ਫੋਨ ਕਰ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਉਹ ਟ੍ਰਾਈ ਦੀ ਇਸ ਤਜਵੀਜ਼ ਦੀ ਸਮੀਖਿਆ ਕਰਨਗੇ ਤੇ ਉਸ ਤੋਂ ਬਾਅਦ ਇਸ ’ਤੇ ਫ਼ੈਸਲਾ ਲਿਆ ਜਾਵੇਗਾ। ਫਿਲਹਾਲ ਮੋਬਾਈਲ ਫੋਨ ’ਤੇ ਕਾਲ ਕਰਨ ਵਾਲੇ ਦਾ ਸਿਰਫ਼ ਨੰਬਰ ਹੀ ਦਿਖਾਈ ਦਿੰਦਾ ਹੈ।
Calling Line Identification Presentation ਸੇਵਾ ਤਹਿਤ ਫੋਨ ਦੇ ਸਕ੍ਰੀਨ ’ਤੇ ਕਾਲ ਕਰਨ ਵਾਲੇ ਦਾ ਨੰਬਰ ਦਿਖਾਈ ਦਿੰਦਾ ਹੈ। ਟ੍ਰਾਈ ਦਾ ਕਹਿਣਾ ਹੈ ਕਿ ਦੂਰਸੰਚਾਰ ਕੰਪਨੀਆਂ ਨੂੰ ਸੀ.ਐੱਲ.ਆਈ.ਪੀ ’ਚ ਨਾਂ ਦੇ ਪ੍ਰਦਰਸ਼ਨ ਦੀ ਸੇਵਾ ਜੋੜਨੀ ਪਵੇਗੀ। ਅਮਰੀਕਾ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਰਗੇ ਦੇਸ਼ਾਂ ’ਚ ਪਹਿਲਾਂ ਤੋਂ ਹੀ ਕਾਲਰ ਦਾ ਨਾਂ ਸਕ੍ਰੀਨ ’ਤੇ ਦਿਖਾਇਆ ਜਾਂਦਾ ਹੈ। ਯੂ.ਏ.ਈ ਨੇ ਤਾਂ ਉੱਥੇ ਵਿਕਣ ਵਾਲੇ ਹੈਂਡਸੈੱਟ ’ਚ ਉਸ ਫੀਚਰ ਨੂੰ ਸ਼ਾਮਿਲ ਕਰਨਾ ਜ਼ਰੂਰੀ ਕਰ ਦਿੱਤਾ ਹੈ, ਜਿਸ ਦੀ ਮਦਦ ਨਾਲ ਕਾਲ ਕਰਨ ਵਾਲੇ ਦਾ ਨਾਂ ਸਕ੍ਰੀਨ ’ਤੇ ਦਿਖਾਈ ਦਿੰਦਾ ਹੈ। ਹਾਲਾਂਕਿ ਕੁਝ ਮੋਬਾਈਲ ਫੋਨ ’ਚ ਪਹਿਲਾਂ ਤੋਂ ਇਹ ਫੀਚਰ ਹੈ। ਟ੍ਰਾਈ ਦੀ ਤਜਵੀਜ਼ ਮੁਤਾਬਕ ਇਹੋ ਜਿਹੀ ਸਹੂਲਤ ਫੀਚਰ ਫੋਨ ਯਾਨੀ ਬਗ਼ੈਰ ਇੰਟਰਨੈੱਟ ਵਾਲੇ ਫੋਨ ’ਚ ਵੀ ਦੇਣੀ ਪਵੇਗੀ।
ਦੂਰਸੰਚਾਰ ਕੰਪਨੀਆਂ ਨੂੰ ਤਿਆਰ ਕਰਨਾ ਪਵੇਗਾ ਡਾਟਾ ਬੇਸ
ਟ੍ਰਾਈ ਦੀ ਤਜਵੀਜ਼ ਮੁਤਾਬਕ ਸਕ੍ਰੀਨ ’ਤੇ ਸਹੀ ਨਾਂ ਦਿਖਾਉਣ ਲਈ ਦੂਰਸੰਚਾਰ ਕੰਪਨੀਆਂ ਨੂੰ ਮਾਸਟਰ ਡਾਟਾਬੇਸ ਤਿਆਰ ਕਰਨਾ ਪਵੇਗਾ। ਸਕ੍ਰੀਨ ’ਤੇ ਕਾਲ ਕਰਨ ਵਾਲੇ ਦਾ ਸਹੀ ਨਾਂ ਦਿਖਾਈ ਦੇਵੇ, ਇਹ ਜ਼ਿੰਮੇਵਾਰੀ ਵੀ ਦੂਰਸੰਚਾਰ ਕੰਪਨੀਆਂ ਦੀ ਹੋਵੇਗੀ। ਕਮਰਸ਼ੀਅਲ ਕੁਨੈਕਸ਼ਨ ਲੈਣ ਵਾਲਿਆਂ ਨੂੰ ਦੂਰਸੰਚਾਰ ਕੰਪਨੀਆਂ ਉਨ੍ਹਾਂ ਦੇ ਬ੍ਰਾਂਡ ਦਾ ਨਾਂ ਅਲਾਟ ਕਰ ਸਕਦੀਆਂ ਹਨ।
ਅਸ਼ਲੀਲ ਜਾਂ ਫਰਾਡ ਕਾਲ ਤੋਂ ਬਚ ਸਕਣਗੇ ਗਾਹਕ
ਟ੍ਰਾਈ ਦਾ ਮੰਨਣਾ ਹੈ ਕਿ ਇਸ ਸਹੂਲਤ ਦਾ ਫ਼ਾਇਦਾ ਇਹ ਹੋਵੇਗਾ ਕਿ ਫੋਨ ਚੁੱਕਣ ਤੋਂ ਪਹਿਲਾਂ ਗਾਹਕ ਇਹ ਤੈਅ ਕਰ ਸਕਣਗੇ ਕਿ ਫੋਨ ਚੁੱਕਣਾ ਹੈ ਜਾਂ ਨਹੀਂ। ਇਸ ਕਾਰਨ ਬੇਵਜ੍ਹਾ ਆਉਣ ਵਾਲੀਆਂ ਕਾਲਾਂ, ਅਸ਼ਲੀਲ ਤੇ ਫਰਾਡ ਕਾਲ ਤੋਂ ਗਾਹਕ ਬਚ ਸਕਣਗੇ। ਸਿਰਫ਼ ਨੰਬਰ ਆਉਣ ਨਾਲ ਕਈ ਵਾਰ ਜ਼ਰੂਰੀ ਕਾਲ ਦੀ ਵੀ ਗਾਹਕ ਅਣਦੇਖੀ ਕਰ ਦਿੰਦੇ ਹਨ। ਹਾਲਾਂਕਿ ਸਕ੍ਰੀਨ ’ਤੇ ਨਾਂ ਆਉਣ ਤੋਂ ਬਾਅਦ ਅਜਿਹਾ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਏਨਾ ਹੀ ਨਹੀਂ ਗਾਹਕਾਂ ਨੂੰ ਬੇਕਾਰ ਕਾਲ ਤੋਂ ਹੋਣ ਵਾਲੀ ਮਾਨਸਿਕ ਪੀੜਾ ਤੇ ਆਰਥਿਕ ਨੁਕਸਾਨ ਤੋਂ ਰਾਹਤ ਮਿਲੇਗੀ।