ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁਟੀਆਂ ਹੋਈਆਂ ਹਨ। ਭਾਰਤੀ ਜਨਤਾ ਪਾਰਟੀ ਦੀ ਤਰਫੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਨੇ ਚੋਣਾਂ ਦੀ ਕਮਾਨ ਸੰਭਾਲ ਲਈ ਹੈ। ਇਸ ਦੇ ਨਾਲ ਹੀ ਹਰਿਆਣਾ ਵਿਧਾਨ ਸਭਾ ਚੋਣਾਂ (The Assembly Elections) ਨੂੰ ਲੈ ਕੇ ਕਾਂਗਰਸ ਹੁਣ ਸਰਗਰਮ ਮੋਡ ਵਿੱਚ ਆ ਗਈ ਹੈ।

ਕਾਂਗਰਸ ਨੇ ਅਕਤੂਬਰ ਵਿੱਚ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਨੇਤਾਵਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਸ ਦੇ ਲਈ ਇੱਕ ਰਕਮ ਵੀ ਤੈਅ ਕੀਤੀ ਗਈ ਹੈ, ਜੋ ਨਾ-ਵਾਪਸੀਯੋਗ ਹੋਵੇਗੀ। ਹਰਿਆਣਾ ਕਾਂਗਰਸ ਦੇ ਪ੍ਰਧਾਨ ਚੌਧਰੀ ਉਦੈਭਾਨ ਨੇ ਕਿਹਾ ਕਿ ਜਨਰਲ ਕੈਟਾਗਰੀ ਤੋਂ ਚੋਣ ਲੜਨ ਲਈ ਅਪਲਾਈ ਕਰਨ ਵਾਲੇ ਨੇਤਾਵਾਂ ਅਤੇ ਵਰਕਰਾਂ ਨੂੰ 20,000 ਰੁਪਏ ਫੀਸ ਜਮ੍ਹਾ ਕਰਵਾਉਣੀ ਪਵੇਗੀ, ਜਦੋਂਕਿ ਰਾਖਵੀਂ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਵਿਅਕਤੀ ਨੂੰ 5,000 ਰੁਪਏ ਫੀਸ ਦੇਣੀ ਪਵੇਗੀ।

ਇਸ ਤੋਂ ਇਲਾਵਾ ਜੇਕਰ ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਨਾਲ ਸਬੰਧਤ ਕੋਈ ਔਰਤ ਜਾਂ ਕਾਂਗਰਸੀ ਵਰਕਰ ਜਨਰਲ ਸੀਟ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ ਵੀ 5,000 ਰੁਪਏ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਚੋਣ ਲੜਨ ਦੇ ਚਾਹਵਾਨ ਵਰਕਰ ਨੂੰ ਇਹ ਰਕਮ ਡੀ.ਡੀ ਰਾਹੀਂ ਹਰਿਆਣਾ ਕਾਂਗਰਸ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ।

31 ਜੁਲਾਈ ਤੱਕ ਸਵੀਕਾਰ ਕੀਤੀਆਂ ਜਾਣਗੀਆਂ ਅਰਜ਼ੀਆਂ 
ਚੋਣ ਲੜਨ ਦੇ ਇੱਛੁਕ ਹਰਿਆਣਾ ਕਾਂਗਰਸ ਦੇ ਆਗੂ ਸੂਬਾ ਕਾਂਗਰਸ ਦਫ਼ਤਰ ਤੋਂ ਬਿਨੈ ਪੱਤਰ ਪ੍ਰਾਪਤ ਕਰਨਗੇ, ਜੋ ਕਿ 5 ਜੁਲਾਈ ਤੋਂ ਵਰਕਰਾਂ ਨੂੰ ਉਪਲਬਧ ਹੋਣਗੇ। ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਜੁਲਾਈ 2024 ਰੱਖੀ ਗਈ ਹੈ।

Leave a Reply