ਲੁਧਿਆਣਾ: ਕਾਂਗਰਸ ਵੱਲੋਂ ਲੋਕ ਸਭਾ ਚੋਣਾਂ (The Lok Sabha Elections) ਲਈ ਉਮੀਦਵਾਰਾਂ ਦੀ ਤੀਜੀ ਸੂਚੀ ਬੀਤੇ ਦਿਨ ਜਾਰੀ ਕੀਤੀ ਗਈ ਪਰ ਉਸ ਸੂਚੀ ‘ਚ ਪੰਜਾਬ ਦਾ ਨਾਂ ਨਾ ਹੋਣ ਕਾਰਨ ਦਾਅਵੇਦਾਰਾਂ ਦੇ ਦਿਲਾਂ ਦੀ ਧੜਕਣ ਵਧ ਗਈ ਹੈ। ਇਨ੍ਹਾਂ ‘ਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਨਾਂ ਮੁੱਖ ਤੌਰ ‘ਤੇ ਸ਼ਾਮਲ ਹਨ।

ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਦੀਆਂ ਸੀਟਾਂ ਦੀ ਅਦਲਾ-ਬਦਲੀ ਕਰਨ ਦੀ ਸਿਫਾਰਿਸ਼ ਚੋਣ ਕਮੇਟੀ ਨੇ ਹਾਈਕਮਾਂਡ ਨੂੰ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਮਨੀਸ਼ ਤਿਵਾੜੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਅਤੇ ਚੰਡੀਗੜ੍ਹ ਜਾਂ ਲੁਧਿਆਣਾ ਤੋਂ ਚੋਣ ਲੜਨ ਦੀ ਵੀ ਚਰਚਾ ਹੈ। ਇਸ ਤੋਂ ਪਹਿਲਾਂ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਭਾਜਪਾ ‘ਚ ਸ਼ਾਮਲ ਹੋ ਚੁੱਕੀ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ, ਖੰਡੂਰ ਸਾਹਿਬ ਤੋਂ ਜਸਬੀਰ ਡਿੰਪਾ, ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਅਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਦੇ ਨਾਵਾਂ ‘ਤੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ ।

ਕਿਆਸ ਲਗਾਏ ਜਾ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ, ਫਤਿਹਗੜ੍ਹ ਸਾਹਿਬ ਜਾਂ ਫਰੀਦਕੋਟ ਦੀ ਕਿਸੇ ਇੱਕ ਸੀਟ ਤੋਂ ਟਿਕਟ ਮਿਲ ਸਕਦੀ ਹੈ। ਜਿੱਥੋਂ ਤੱਕ ਬਾਕੀ ਸੀਟਾਂ ਦਾ ਸਵਾਲ ਹੈ, ਗੁਰਦਾਸਪੁਰ ਤੋਂ ਚੋਣ ਲੜਨ ਤੋਂ ਪ੍ਰਤਾਪ ਬਾਜਵਾ ਨੇ ਇਨਕਾਰ ਕਰ ਦਿੱਤਾ ਹੈ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਬਠਿੰਡਾ ਤੋਂ ਆਪਣੀ ਪਤਨੀ ਲਈ ਟਿਕਟ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪਿਛਲੀ ਵਾਰ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਰਾਜ ਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਸੰਗਰੂਰ ਤੇ ਫਿਰੋਜ਼ਪੁਰ ਤੋਂ ਉਮੀਦਵਾਰਾਂ ਦੇ ਨਾਂ ਫਾਈਨਲ ਕਰਨ ਲਈ ਕਾਂਗਰਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ।

Leave a Reply