ਕਰਨਾਲ: ਹਰਿਆਣਾ ‘ਚ ਸੜਕ ਹਾਦਸੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਕਰਨਾਲ ਜ਼ਿਲ੍ਹੇ ‘ਚ ਹਰਿਆਣਾ ਰੋਡਵੇਜ਼ (Haryana Roadways) ਦੀ ਬੱਸ ਨੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ। ਨੌਜਵਾਨ ਸੜਕ ਪਾਰ ਕਰ ਰਿਹਾ ਸੀ ਕਿ ਬੱਸ ਨੇ ਨੌਜਵਾਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਨੌਜਵਾਨ ਬੱਸ ਦੇ ਟਾਇਰ ਹੇਠਾਂ ਆ ਗਿਆ ਅਤੇ ਬੱਸ ਉਸ ਨੂੰ ਘਸੀਟਦੀ ਹੋਈ ਅੱਗੇ ਨਿਕਲ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਕਲਪਨਾ ਚਾਵਲਾ ਮੈਡੀਕਲ ਕਾਲਜ ਭੇਜ ਦਿੱਤਾ ਹੈ। ਅੱਜ ਬਾਅਦ ਦੁਪਹਿਰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਬੱਚੇ ਦੇ ਸਿਰ ਤੋਂ ਉਠਿਆ ਪਿਤਾ ਦਾ ਪਰਛਾਵਾਂ
ਮ੍ਰਿਤਕ ਦੀ ਪਛਾਣ ਪਿੰਡ ਬੱਲ ਪਬਾਨਾ ਵਾਸੀ 28 ਸਾਲਾ ਰਿੰਕੂ ਵਜੋਂ ਹੋਈ ਹੈ।ਬੀਤੇ ਦਿਨ ਰਿੰਕੂ ਪੱਕਾ ਖੇੜਾ ਮੋੜ ਕੋਲ ਆਪਣੇ ਬੱਚੇ ਨੂੰ ਲੈਣ ਲਈ ਖੜਾ ਸੀ। ਜਦੋਂ ਉਹ ਆਪਣੇ ਸਾਈਕਲ ‘ਤੇ ਸੜਕ ਪਾਰ ਕਰ ਰਿਹਾ ਸੀ। ਅਚਾਨਕ ਇੱਕ ਤੇਜ਼ ਰਫ਼ਤਾਰ ਬੱਸ ਨੇ ਆ ਕੇ ਰਿੰਕੂ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅਸੀਂ ਤਿੰਨ ਭਰਾ ਹਾਂ। ਰਿੰਕੂ ਵੱਡਾ ਸੀ। ਰਿੰਕੂ ਇੱਕ ਸੇਲਰ ਵਿੱਚ ਕੰਮ ਕਰਦਾ ਸੀ ਅਤੇ ਵਿਆਹਿਆ ਹੋਇਆ ਸੀ। ਉਨ੍ਹਾਂ ਦਾ 2 ਸਾਲ ਦਾ ਬੇਟਾ ਵੀ ਹੈ। ਕਰੀਬ 4 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਘਰ ਵਿੱਚ ਸੋਗ ਹੈ। ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।