ਬੰਗਲੌਰ : ਕਰਨਾਟਕ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ (Karnataka Chief Minister Siddaramaiah) ਅਤੇ ਉਪ ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ (Deputy Chief Minister DK Shivakumar) ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਮਾਮਲਾ ਭਾਜਪਾ ਨੇ ਦਾਇਰ ਕੀਤਾ ਸੀ। ਭਾਜਪਾ ਨੇ ਕਾਂਗਰਸ ਨੇਤਾਵਾਂ ‘ਤੇ ਤਤਕਾਲੀ ਮੁੱਖ ਮੰਤਰੀ ਬਸਵਰਾਜ ਬੋਮਈ ਸਮੇਤ ਪਾਰਟੀ ਦੇ ਨੇਤਾਵਾਂ ਖ਼ਿਲਾਫ਼ ਝੂਠੇ ਇਸ਼ਤਿਹਾਰ ਦੇਣ ਦਾ ਦੋਸ਼ ਲਗਾਇਆ ਸੀ।
ਸਿੱਧਾਰਮਈਆ ਅਤੇ ਸ਼ਿਵਕੁਮਾਰ ਅੱਜ 42ਵੇਂ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਦੇ ਸਾਹਮਣੇ ਪੇਸ਼ ਹੋਏ। ਅਦਾਲਤ ਨੇ ਉਨ੍ਹਾਂ ਦੀ ਦਲੀਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। ਭਾਜਪਾ ਐਮ.ਐਲ.ਸੀ ਅਤੇ ਜਨਰਲ ਸਕੱਤਰ ਕੇਸ਼ਵ ਪ੍ਰਸਾਦ ਨੇ ਸਿੱਧਾਰਮਈਆ, ਸ਼ਿਵਕੁਮਾਰ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।