ਚੰਡੀਗੜ੍ਹ : ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਨੇ ਜਿੱਥੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਿਖਾਇਆ ਹੈ ਉਥੇ ਪੰਜਾਬ ਦੇ ਖਿਡਾਰੀਆਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ 15 ਤੋਂ ਵੱਧ ਤਮਗ਼ੇ ਹਾਸਲ ਕੀਤੇ ਹਨ। ਅੱਜ ਭਾਰਤ ਨੇ ਤੀਰਅੰਦਾਜ਼ੀ ਦੇ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਜਿਸ ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਪ੍ਰਨੀਤ ਕੌਰ ਅਹਿਮ ਮੈਂਬਰ ਸੀ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Sports Minister Gurmeet Singh Meet Hayer) ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਏਸ਼ਿਆਈ ਖੇਡਾਂ ਦੇ 72 ਸਾਲਾਂ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਵਾਰ ਹਾਂਗਜ਼ੂ ਵਿਖੇ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਕੁੱਲ 16 ਤਮਗ਼ੇ ਜਿੱਤ ਲਏ ਹਨ ਜਦੋਂ ਕਿ ਪੁਰਸ਼ ਹਾਕੀ ਤੇ ਪੁਰਸ਼ ਕ੍ਰਿਕਟ ਦੇ ਮੁਕਾਬਲੇ ਬਾਕੀ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਖਿਡਾਰੀਆਂ ਨੇ 1951 ਵਿੱਚ ਨਵੀਂ ਦਿੱਲੀ ਵਿਖੇ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਕੁੱਲ 15 ਤਮਗ਼ੇ ਜਿੱਤੇ ਸਨ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਪੰਜਾਬ ਨੂੰ ਖੇਡਾਂ ਦੇ ਨਕਸ਼ੇ ਵਿੱਚ ਮੋਹਰੀ ਸੂਬਾ ਬਣਾਉਣ ਦੇ ਸੁਫ਼ਨੇ ਨੂੰ ਪੂਰਾ ਕਰਨ ਵਾਲੇ ਖਿਡਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਬਣੀ ਨਵੀਂ ਖੇਡ ਨੀਤੀ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਤਿਆਰੀ ਲਈ ਇਨਾਮ ਰਾਸ਼ੀ ਦਿੱਤੀ ਗਈ ਜਿਸ ਤਹਿਤ 58 ਖਿਡਾਰੀਆਂ ਨੂੰ 8 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਕੁੱਲ 4.64 ਕਰੋੜ ਰੁਪਏ ਇਨਾਮ ਰਾਸ਼ੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਸਾਰੇ ਖੇਡ ਦਲ ਦੀ ਵਾਪਸੀ ਉਪਰੰਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਾਰੇ ਤਮਗ਼ਾ ਜੇਤੂ ਖਿਡਾਰੀਆਂ ਦਾ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ।
ਖੇਡ ਮੰਤਰੀ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੰਦਿਆਂ ਹਾਕੀ ਤੇ ਕ੍ਰਿਕਟ ਖਿਡਾਰੀਆਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਅੱਜ ਤੀਰਅੰਦਾਜ਼ੀ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਪੰਜਾਬ ਦੀ ਪ੍ਰਨੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੋਟੀ ਉਮਰ ਇਸ ਖਿਡਾਰਨ ਨੇ ਵੱਡੀ ਪ੍ਰਾਪਤੀ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਖਿਡਾਰੀਆਂ ਦੇ ਕੋਚਾਂ ਅਤੇ ਮਾਪਿਆਂ ਸਿਰ ਇਨ੍ਹਾਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਵੀ ਬੰਨ੍ਹਿਆ।
ਪੰਜਾਬ ਦੇ 20 ਖਿਡਾਰੀਆਂ ਨੇ ਹੁਣ ਤੱਕ ਅਥਲੈਟਿਕਸ, ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਕ੍ਰਿਕਟ, ਰੋਇੰਗ ਤੇ ਬੈਡਮਿੰਟਨ ਵਿੱਚ ਛੇ ਸੋਨੇ, ਛੇ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 16 ਤਮਗ਼ੇ ਜਿੱਤੇ ਹਨ। ਬੀਤੇ ਕੱਲ੍ਹ ਪੰਜਾਬ ਦੀ ਹਰਮਿਲਨ ਬੈਂਸ ਨੇ 1500 ਮੀਟਰ ਤੋਂ ਬਾਅਦ 800 ਮੀਟਰ ਵਿੱਚ ਵੀ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਮੰਜੂ ਰਾਣੀ ਨੇ 35 ਕਿਲੋਮੀਟਰ ਪੈਦਲ ਦੌੜ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।
The post ਏਸ਼ਿਆਈ ਖੇਡਾਂ ਦੇ ਇਤਿਹਾਸ ‘ਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ, ਪਹਿਲੀ ਵਾਰ ਜਿੱਤੇ 15 ਤੋਂ ਵੱਧ ਤਮਗ਼ੇ appeared first on Time Tv.