ਜ਼ੀਰਾ : ਆਗਾਮੀ ਚੋਣਾਂ ਦੌਰਾਨ ਨਸ਼ਿਆਂ ਦੀ ਵੰਡ ਅਤੇ ਵਰਤੋਂ ਨੂੰ ਕਾਬੂ ਕਰਨ ਲਈ ਮਾਨਯੋਗ (The Hon’ble Election Commissioner) ਚੋਣ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਪੁਲਿਸ ਵਿਭਾਗ ਅਤੇ ਏਰੀਆ ਡਰੱਗ ਇੰਸਪੈਕਟਰ ਜ਼ੀਰਾ ਵੱਲੋਂ ਵੱਖ-ਵੱਖ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਭਾਵੇਂ ਇਸ ਦੌਰਾਨ ਟੀਮ ਨੇ ਕਿਸੇ ਵੀ ਮੈਡੀਕਲ ਸਟੋਰ ਤੋਂ ਕੋਈ ਵੀ ਇਤਰਾਜ਼ਯੋਗ ਦਵਾਈ ਬਰਾਮਦ ਨਹੀਂ ਕੀਤੀ ਪਰ ਇਸ ਚੈਕਿੰਗ ਨਾਲ ਸ਼ਹਿਰ ਵਿੱਚ ਸਨਸਨੀ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਥਾਣਾ ਸਦਰ ਦੇ ਐਸ.ਐਚ.ਓ ਕਮਲਜੀਤ ਸਿੰਘ ਰਾਏ ਸਮੇਤ ਪੁਲਿਸ ਪਾਰਟੀ ਸ਼ਹਿਰ ਦੇ ਵੱਖ-ਵੱਖ ਮੈਡੀਕਲ ਸਟੋਰਾਂ ‘ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਲਈ ਪਹੁੰਚੀ, ਜਿੱਥੇ ਉਨ੍ਹਾਂ ਮੈਡੀਕਲ ਸਟੋਰਾਂ ਦੇ ਸਟਾਕ ਅਤੇ ਰਿਕਾਰਡ ਦਾ ਮੇਲ ਕੀਤਾ। ਇਸ ਮੌਕੇ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਨੇ ਦੱਸਿਆ ਕਿ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਮਿਲੀ ਸੀ ਕਿ ਜੀਰਾ ਦੇ ਕੁਝ ਮੈਡੀਕਲ ਸਟੋਰਾਂ ‘ਤੇ ਨਸ਼ੀਲੇ ਪਦਾਰਥ ਵੇਚੇ ਜਾ ਰਹੇ ਹਨ।
ਇਸ ਦੇ ਆਧਾਰ ‘ਤੇ ਉਨ੍ਹਾਂ ਥਾਣਾ ਸਿਟੀ ਦੇ ਐੱਸਐੱਚਓ ਕੰਵਲਜੀਤ ਰਾਏ ਨਾਲ ਮਿਲ ਕੇ 6 ਮੈਡੀਕਲ ਸਟੋਰਾਂ ਦੀ ਤਲਾਸ਼ੀ ਲਈ, ਪਰ ਕਿਸੇ ਕੋਲੋਂ ਕੋਈ ਵੀ ਇਤਰਾਜ਼ਯੋਗ ਦਵਾਈ ਬਰਾਮਦ ਨਹੀਂ ਹੋਈ। ਇਸ ਦੌਰਾਨ ਉਨ੍ਹਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਨਸ਼ਾ ਵਿਕਦਾ ਹੈ ਤਾਂ ਉਹ ਤੁਰੰਤ ਵਿਭਾਗ ਨੂੰ ਸੂਚਿਤ ਕਰਨ। ਇਸ ਦੌਰਾਨ ਉਨ੍ਹਾਂ ਮੈਡੀਕਲ ਸਟੋਰ ਸੰਚਾਲਕਾਂ ਨੂੰ ਤਾੜਨਾ ਵੀ ਕੀਤੀ ਕਿ ਭਵਿੱਖ ਵਿੱਚ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਸਬ-ਇੰਸਪੈਕਟਰ ਇੰਦਰਜੀਤ ਕੌਰ, ਰਜਿੰਦਰ ਸ਼ਰਮਾ ਅਤੇ ਹੋਰ ਵਿਭਾਗੀ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।