ਏਅਰਲਾਈਨਜ਼ ਨੇ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਕੀਤਾ ਸਰਵੇਖਣ
By admin / August 2, 2024 / No Comments / Punjabi News
ਚੰਡੀਗੜ੍ਹ : ਪੰਜਾਬ ਦੇ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ, ਚੰਡੀਗੜ੍ਹ ਤੋਂ ਸਿੰਗਾਪੁਰ (Chandigarh to Singapore) ਲਈ ਸਿੱਧੀ ਉਡਾਣ ਨੂੰ ਸਰਦੀਆਂ ਦੇ ਸ਼ਡਿਊਲ ਵਿੱਚ ਸ਼ਾਮਲ ਕੀਤਾ ਜਾਵੇਗਾ। ਅਥਾਰਟੀ ਨੇ ਮਈ ‘ਚ ਏਅਰਲਾਈਨਜ਼ ਨੂੰ ਪੱਤਰ ਲਿਖ ਕੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਸਿੰਗਾਪੁਰ ਦੀਆਂ ਦੋ ਏਅਰਲਾਈਨਾਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹਨ।
ਅਕਤੂਬਰ ਵਿੱਚ ਉਡਾਣਾਂ ਚਲਾਉਣ ਲਈ ਸਹਿਮਤੀ ਬਣੀ ਹੈ। ਏਅਰਲਾਈਨਜ਼ ਨੇ ਯਾਤਰੀਆਂ ਦੀ ਗਿਣਤੀ ਨੂੰ ਲੈ ਕੇ ਵੀ ਸਰਵੇਖਣ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਸਰਵੇਖਣ ਨੂੰ ਚੰਗਾ ਹੁੰਗਾਰਾ ਦਿੱਤਾ ਹੈ। ਦੋ ਏਅਰਲਾਈਨਜ਼ ਕੰਪਨੀਆਂ ਵਿਸਤਾਰਾ ਅਤੇ ਇੰਡੀਗੋ ਆਪਣੀਆਂ ਉਡਾਣਾਂ ਸ਼ੁਰੂ ਕਰਨਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਤਰ ਲਿਖਣ ਤੋਂ ਬਾਅਦ ਇਹ ਦੋਵੇਂ ਏਅਰਲਾਈਨਾਂ ਸਰਦੀਆਂ ਦੇ ਸ਼ੈਡਿਊਲ ਵਿੱਚ ਉਡਾਣਾਂ ਚਲਾਉਣ ਲਈ ਰਾਜ਼ੀ ਹੋ ਗਈਆਂ ਹਨ। ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਕਿਉਂਕਿ ਕਿਸੇ ਵੀ ਅੰਤਰਰਾਸ਼ਟਰੀ ਉਡਾਣ ਨੂੰ ਚਲਾਉਣ ਲਈ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ 2 ਤੋਂ 3 ਮਹੀਨੇ ਦਾ ਸਮਾਂ ਲੱਗਦਾ ਹੈ।
ਅੰਤਰਰਾਸ਼ਟਰੀ ਉਡਾਣਾਂ ਦੇ ਨਾਲ, ਤਿੰਨ ਘਰੇਲੂ ਉਡਾਣਾਂ ਵੀ ਸ਼ੁਰੂ ਹੋਣਗੀਆਂ, ਜਿਨ੍ਹਾਂ ਵਿੱਚ ਅਯੁੱਧਿਆ, ਨਾਂਦੇੜ ਅਤੇ ਸ੍ਰੀਨਗਰ ਲਈ ਉਡਾਣਾਂ ਸ਼ਾਮਲ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੋਂ ਉਡਾਣਾਂ ਵੀ ਸਰਦੀਆਂ ਦੇ ਸ਼ਡਿਊਲ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ, ਕਿਉਂਕਿ ਨਾਂਦੇੜ ਲਈ ਪੰਜਾਬ ਦੇ ਲੋਕਾਂ ਵੱਲੋਂ ਵਧੇਰੇ ਮੰਗ ਹੈ, ਉਥੇ ਹੀ ਅਯੁੱਧਿਆ ਦੀ ਮੰਗ ਵੀ ਵੱਧ ਰਹੀ ਹੈ। ਅਜਿਹੇ ‘ਚ ਇੰਡੀਗੋ ਅਤੇ ਵਿਸਤਾਰਾ ਨੇ ਇੱਥੇ ਉਡਾਣਾਂ ਚਲਾਉਣ ਲਈ ਸਹਿਮਤੀ ਜਤਾਈ ਹੈ।