ਉਦੈਪੁਰ ‘ਚ ਚਾਕੂ ਕਾਂਡ ਮਾਮਲੇ ‘ਚ ਮੁਲਜ਼ਮ ਦੇ ਘਰ ‘ਤੇ ਚੱਲਿਆ ਬੁਲਡੋਜ਼ਰ
By admin / August 17, 2024 / No Comments / Punjabi News
ਰਾਜਸਥਾਨ : ਰਾਜਸਥਾਨ ਦੇ ਉਦੈਪੁਰ ਵਿੱਚ ਇਸ ਸਮੇਂ ਇੱਕ ਸਰਕਾਰੀ ਸਕੂਲ (Government School) ਦੇ 10ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਆਪਣੇ ਸਹਿਪਾਠੀ ਨੂੰ ਚਾਕੂ ਮਾਰਨ ਤੋਂ ਬਾਅਦ ਫਿਰਕੂ ਹਿੰਸਾ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਸਰਕਾਰ ਨੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ੀ ਵਿਦਿਆਰਥੀ ਦੇ ਨਜਾਇਜ਼ ਮਕਾਨ ‘ਤੇ ਬੁਲਡੋਜ਼ਰ ਚਲਾ ਦਿੱਤਾ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਇਹ ਮਕਾਨ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਬਣਿਆ ਹੋਇਆ ਸੀ। ਇਸ ਤੋਂ ਬਾਅਦ ਮੁਲਜ਼ਮਾਂ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ ਨੋਟਿਸ ਦੇਣ ਤੋਂ ਬਾਅਦ ਘਰ ਨੂੰ ਢਾਹ ਦਿੱਤਾ ਗਿਆ। ਮਕਾਨ ਢਾਹੁਣ ਤੋਂ ਪਹਿਲਾਂ ਇਸ ਨੂੰ ਖਾਲੀ ਕਰਵਾ ਲਿਆ ਗਿਆ। ਦੱਸ ਦੇਈਏ ਕਿ ਬੀਤੇ ਦਿਨ ਪੁਲਿਸ ਨੇ ਦੋਸ਼ੀ ਵਿਦਿਆਰਥੀ ਨੂੰ ਹਿਰਾਸਤ ‘ਚ ਲੈ ਲਿਆ ਸੀ ਅਤੇ ਉਸ ਦੇ ਪਿਤਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਹੈ ਸਾਰਾ ਮਾਮਲਾ
ਦੱਸ ਦਈਏ ਕਿ ਉਦੈਪੁਰ ਵਿੱਚ ਇਕ ਸਕੂਲ ਦੇ 10ਵੀਂ ਜਮਾਤ ਦੇ ਵਿਦਿਆਰਥੀ ‘ਤੇ ਇਕ ਸਹਿਪਾਠੀ ਨੇ ਚਾਕੂ ਨਾਲ ਹਮਲਾ ਕੀਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਉਦੈਪੁਰ ‘ਚ ਫਿਰਕੂ ਤਣਾਅ ਫੈਲ ਗਿਆ। ਹਾਲਾਂਕਿ ਹਮਲੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜ਼ਖ਼ਮੀ ਵਿਦਿਆਰਥੀ ਨੂੰ ਆਈ.ਸੀ.ਯੂ. ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬੀਤੇ ਦਿਨ, ਗੁੱਸੇ ਵਿੱਚ ਆਈ ਭੀੜ ਨੇ ਘਟਨਾ ਦੇ ਵਿਰੋਧ ਵਿੱਚ ਇੱਕ ਗੈਰੇਜ ਦੇ ਸਾਹਮਣੇ ਖੜ੍ਹੀਆਂ ਕਾਰਾਂ ਨੂੰ ਅੱਗ ਲਗਾ ਦਿੱਤੀ। ਹਿੰਦੂ ਸੰਗਠਨਾਂ ਨੇ ਬਾਜ਼ਾਰ ਅਤੇ ਪੈਟਰੋਲ ਪੰਪ ਬੰਦ ਕਰਵਾ ਦਿੱਤੇ। ਉਦੈਪੁਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।