ਬਰਨਾਲਾ : ਹੁਣ ਰਾਸ਼ਨ ਕਾਰਡ ਧਾਰਕਾਂ ਲਈ ਈ.ਕੇ.ਵਾਈ.ਸੀ. ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਈ-ਕੇ.ਵਾਈ.ਸੀ ਤੋਂ ਬਿਨਾਂ ਕੋਈ ਵੀ ਰਾਸ਼ਨ ਕਾਰਡ ਧਾਰਕ ਰਾਸ਼ਨ ਨਹੀਂ ਲੈ ਸਕੇਗਾ। ਇਸ ਪ੍ਰਕਿਰਿਆ ਤੋਂ ਬਾਅਦ ਕਾਰਡਧਾਰਕ ਰਾਸ਼ਨ ਦਾ ਲਾਭ ਲੈ ਸਕਣਗੇ।

ਜਾਣਕਾਰੀ ਦਿੰਦਿਆਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਵਰੁਣ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਵਿੱਚ ਕਾਲਾਬਾਜ਼ਾਰੀ ਨੂੰ ਰੋਕਣ ਅਤੇ ਖਪਤਕਾਰਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਰਾਸ਼ਨ ਕਾਰਡ ਧਾਰਕਾਂ ਨੂੰ ਈ-ਕੇ.ਵਾਈ.ਸੀ. ਧਨੌਲਾ ‘ਚ ਰਾਸ਼ਨ ਨਾਲ ਲਿੰਕ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਸੈਂਕੜੇ ਖਪਤਕਾਰਾਂ ਨੇ ਰਾਸ਼ਨ ਦੀਆਂ ਦੁਕਾਨਾਂ ‘ਤੇ ਪਹੁੰਚ ਕੇ ਈ-ਕੇ.ਵਾਈ.ਸੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੀ ਕਾਲਾਬਾਜ਼ਾਰੀ ਅਤੇ ਜਾਅਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਨੂੰ ਨੱਥ ਪਾਉਣ ਲਈ ਇਹ ਕਾਰਵਾਈ ਬਹੁਤ ਜ਼ਰੂਰੀ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਕੋਈ ਰਾਸ਼ਨ ਕਾਰਡ ਧਾਰਕ ਆਪਣਾ ਈ-ਕੇ.ਵਾਈ.ਸੀ. ਕਰਵਾਉਣਾ ਚਾਹੁੰਦਾ, ਤਾਂ ਉਸਨੂੰ ਆਪਣਾ ਆਧਾਰ ਕਾਰਡ ਆਪਣੇ ਲੈ ਕੇ ਜਾਣਾ ਪਵੇਗਾ ਅਤੇ ਉਨ੍ਹਾਂ ਦੇ ਫਿੰਗਰਪ੍ਰਿੰਟ ਨੂੰ ਈ-ਪੀ.ਓ.ਐਸ ਮਸ਼ੀਨ ਰਾਹੀਂ ਸਕੈਨ ਕੀਤਾ ਜਾਵੇਗਾ। ਇਸ ਨਾਲ ਈ-ਕੇ.ਵਾਈ.ਸੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਇਸ ਮਸ਼ੀਨ ਰਾਹੀਂ ਗਲਤ ਫੀਡ ਕੀਤੇ ਗਏ ਮੋਬਾਈਲ ਨੰਬਰ ਅਤੇ ਸਬੰਧਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਲਾਭਪਾਤਰੀਆਂ ਨੂੰ ਅਪੀਲ ਹੈ ਕਿ ਉਹ ਜਲਦੀ ਤੋਂ ਜਲਦੀ ਆਪਣਾ ਈ-ਕੇ.ਵਾਈ.ਸੀ ਕਰਵਾ ਲੈਣ, ਤਾਂ ਜੋ ਉਨ੍ਹਾਂ ਨੂੰ ਸਰਕਾਰੀ ਅਨਾਜ ਲੈਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਡਿਪੂ ਹੋਲਡਰ ਬੰਟੀ ਅਤੇ ਖਪਤਕਾਰ ਆਦਿ ਹਾਜ਼ਰ ਸਨ।

Leave a Reply