ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਮੰਤਰੀ ਰਾਜਕੁਮਾਰ ਆਨੰਦ (Rajkumar Anand) ਨੇ ਅਸਤੀਫ਼ਾ ਦੇ ਦਿੱਤਾ ਹੈ। ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਨੀਤੀ ਨਾਲ ਸਹਿਮਤ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਸੀ.ਐਮ ਅਰਵਿੰਦ ਕੇਜਰੀਵਾਲ ਇਸ ਸਮੇਂ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਰਾਜਕੁਮਾਰ ਦਿੱਲੀ ਸਰਕਾਰ ਵਿੱਚ ਸਮਾਜ ਕਲਿਆਣ ਮੰਤਰੀ ਵਜੋਂ ਕੰਮ ਕਰ ਰਹੇ ਹਨ।
ਰਾਜਕੁਮਾਰ ਨੇ ਕਿਹਾ ਕਿ ਉਹ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਤੋਂ ਕੋਈ ਪੇਸ਼ਕਸ਼ ਮਿਲੀ ਹੈ। ਪਾਰਟੀ ਛੱਡਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਅੱਜ ਉਹ ਬਹੁਤ ਦੁਖੀ ਹਨ। ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲੇਗਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮੈਂ ਇਸ ਪਾਰਟੀ, ਇਸ ਸਰਕਾਰ ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਦੱਸ ਦੇਈਏ ਕਿ ਈ.ਡੀ ਨੇ ਨਵੰਬਰ 2023 ‘ਚ ਆਨੰਦ ਨਾਲ ਜੁੜੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਸੀ।