ਆਂਧਰਾ ਪ੍ਰਦੇਸ਼ ‘ਚ ਟ੍ਰੇਨ ਹਾਦਸੇ ਦਾ ਰੇਲ ਮੰਤਰੀ ਨੇ ਕੀਤਾ ਵੱਡਾ ਖ਼ੁਲਾਸਾ
By admin / March 3, 2024 / No Comments / Punjabi News
ਆਂਧਰਾ ਪ੍ਰਦੇਸ਼: ਦੇਸ਼-ਰੇਲ ਮੰਤਰੀ ਅਸ਼ਵਿਨੀ ਵੈਸ਼ਨਵ (Railway Minister Ashwini Vaishnav) ਨੇ ਬੀਤੇ ਦਿਨ ਦਾਅਵਾ ਕੀਤਾ ਕਿ 29 ਅਕਤੂਬਰ, 2023 ਨੂੰ ਆਂਧਰਾ ਪ੍ਰਦੇਸ਼ ਵਿੱਚ ਜਦੋਂ ਦੋ ਯਾਤਰੀ ਟਰੇਨਾਂ ਦੀ ਆਪਸ ਵਿੱਚ ਟਕਰ ਹੋਈ ਸੀ ਤਾਂ ਉਸ ਵਕਤ ਇੱਕ ਟਰੇਨ ਦਾ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਮੋਬਾਈਲ ਫੋਨ ‘ਤੇ ਕ੍ਰਿਕਟ ਮੈਚ ਦੇਖ ਰਹੇ ਸਨ। ਉਨ੍ਹਾਂ ਇਹ ਪ੍ਰਗਟਾਵਾ ਰੇਲਵੇ ਹਾਦਸਿਆਂ ਦੇ ਕਾਰਨਾਂ ਨੂੰ ਰੇਖਾਂਕਿਤ ਕਰਦਿਆਂ ਕੀਤਾ ਹੈ।
14 ਲੋਕਾਂ ਦੀ ਹੋਈ ਸੀ ਮੌਤ
ਉਨ੍ਹਾਂ ਦੱਸਿਆ ਕਿ ਉਸ ਦਿਨ ਸ਼ਾਮ 7 ਵਜੇ ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਦੇ ਕੰਟਾਕਾਪੱਲੀ ਵਿਖੇ ਹਾਵੜਾ-ਚੇਨਈ ਮਾਰਗ ‘ਤੇ ਰਾਇਗੜਾ ਪੈਸੰਜਰ ਟਰੇਨ ਨੇ ਵਿਸ਼ਾਖਾਪਟਨਮ ਪਲਾਸਾ ਟਰੇਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ , ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਸਨ। ਵੈਸ਼ਨਵ ਨੇ ਨਵੇਂ ਸੁਰੱਖਿਆ ਉਪਾਵਾਂ ਬਾਰੇ ਗੱਲ ਕਰਦੇ ਹੋਏ ਆਂਧਰਾ ਰੇਲ ਹਾਦਸੇ ਦਾ ਜ਼ਿਕਰ ਕੀਤਾ ਜਿਨ੍ਹਾਂ ‘ਤੇ ਭਾਰਤੀ ਰੇਲਵੇ ਕੰਮ ਕਰ ਰਿਹਾ ਹੈ।
ਰੇਲ ਮੰਤਰੀ ਦਾ ਬਿਆਨ
ਰੇਲ ਮੰਤਰੀ ਨੇ ਕਿਹਾ, “ਆਂਧਰਾ ਪ੍ਰਦੇਸ਼ ਵਿੱਚ ਇਹ ਘਟਨਾ ਉਦੋਂ ਵਾਪਰੀ ਜਦੋਂ ਲੋਕੋ ਪਾਇਲਟ ਅਤੇ ਸਹਾਇਕ ਲੋਕੋ-ਪਾਇਲਟ ਦੋਵਾਂ ਦਾ ਧਿਆਨ ਕ੍ਰਿਕਟ ਮੈਚ ਕਾਰਨ ਭਟਕ ਗਿਆ ਸੀ। ਅਸੀਂ ਹੁਣ ਅਜਿਹਾ ਸਿਸਟਮ ਸਥਾਪਿਤ ਕਰ ਰਹੇ ਹਾਂ ਜੋ ਅਜਿਹੀ ਕਿਸੇ ਵੀ ਤਰ੍ਹਾਂ ਦੇ ਭਟਕਣ ਦਾ ਪਤਾ ਲਗਾ ਸਕੇ ਅਤੇ ਇਹ ਯਕੀਨੀ ਬਣਾ ਸਕੇ ਕਿ ਪਾਇਲਟ ਅਤੇ ਸਹਿ-ਪਾਇਲਟ ਪੂਰੀ ਤਰ੍ਹਾਂ ਟ੍ਰੇਨ ਚਲਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ।” ਉਨ੍ਹਾਂ ਕਿਹਾ,”ਅਸੀਂ ਸੁਰੱਖਿਆ ‘ਤੇ ਆਪਣਾ ਧਿਆਨ ਕੇਂਦਰਿਤ ਕਰਨਾ ਜਾਰੀ ਰੱਖਾਂਗੇ। ਅਸੀਂ ਹਰ ਘਟਨਾ ਦੇ ਮੂਲ ਕਾਰਨਾਂ ਨੂੰ ਲੱਭਣ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਇਹ ਮੁੜ ਨਾ ਵਾਪਰੇ।
ਲੋਕੋ ਅਤੇ ਸਹਾਇਕ ਪਾਇਲਟ ਜ਼ਿੰਮੇਵਾਰ – ਸੀ.ਆਰ.ਐਸ
ਰੇਲਵੇ ਸੇਫਟੀ ਦੀ ਜਾਂਚ ਰਿਪੋਰਟ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ। ਹਾਲਾਂਕਿ, ਘਟਨਾ ਦੇ ਇੱਕ ਦਿਨ ਬਾਅਦ, ਸ਼ੁਰੂਆਤੀ ਰੇਲਵੇ ਜਾਂਚ ਵਿੱਚ ਕਿਹਾ ਗਿਆ ਸੀ ਕਿ ਰੇਲ ਹਾਦਸੇ ਲਈ ਰਾਏਗੜਾ ਯਾਤਰੀ ਰੇਲਗੱਡੀ ਦੇ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਖਰਾਬ ਆਟੋਮੈਟਿਕ ਸਿਗਨਲ ਸਿਸਟਮ ਲਈ ਨਿਰਧਾਰਤ ਨਿਯਮਾਂ ਦੀ ਉਲੰਘਣ ਕੀਤੀ ਸੀ। ਇਸ ਹਾਦਸੇ ਵਿੱਚ ਚਾਲਕ ਦਲ ਦੇ ਦੋਵੇਂ ਮੈਂਬਰ ਮਾਰੇ ਗਏ ਸਨ ।