ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ (Shri Muktsar Sahib) ਦੇ ਸਦਰ ਬਾਜ਼ਾਰ ‘ਚ ਇਕ ਦੁਕਾਨ ਦੇ ਉਪਰ ਇਕ ਕਮਰੇ ‘ਚ ਕਿਰਾਏ ‘ਤੇ ਰਹਿ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਅੱਜ ਦਮ ਘੁੱਟਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਟ ਕਢਾਈ ਦਾ ਕੰਮ ਕਰ ਰਹੇ ਇਹ ਦੋ ਪ੍ਰਵਾਸੀ ਮਜ਼ਦੂਰ ਬੀਤੀ ਰਾਤ ਆਪਣੇ ਆਪ ਨੂੰ ਠੰਢ ਤੋਂ ਬਚਾਉਣ ਲਈ ਆਪਣੇ ਕਮਰੇ ਵਿੱਚ ਕੋਲੇ ਦੀ ਅੰਗੀਠੀ ਜਲਾ ਕੇ ਸੁੱਤੇ ਪਏ ਸਨ।
ਸ੍ਰੀ ਮੁਕਤਸਰ ਸਾਹਿਬ ਦੇ ਸਦਰ ਬਜ਼ਾਰ ਵਿੱਚ ਆਪਣੇ ਕਮਰੇ ਵਿੱਚ ਅੰਗੀਠੀ ਜਲਾ ਕੇ ਪਰਿਵਾਰ ਸਮੇਤ ਸੌਂ ਰਹੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਟਾਂ ’ਤੇ ਕਢਾਈ ਦਾ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਮੁਹੰਮਦ ਮੁਸਤਾਕ ਅਤੇ ਮੁਹੰਮਦ ਇਸਰਾਫੀਲ ਸ੍ਰੀ ਮੁਕਤਸਰ ਸਾਹਿਬ ਦੇ ਸਦਰ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਉੱਪਰ ਬਣੇ ਕਮਰੇ ਵਿੱਚ ਰਹਿੰਦੇ ਸਨ। ਇਸ ਕਮਰੇ ਵਿੱਚ ਮੁਹੰਮਦ ਮੁਸਤਾਕ ਦਾ ਪਰਿਵਾਰ, ਉਸ ਦੀ ਪਤਨੀ ਅਤੇ ਦੋ ਬੇਟੀਆਂ ਸਮੇਤ ਰਹਿੰਦਾ ਸੀ। ਮੁਹੰਮਦ ਮੁਸਤਾਕ ਅਤੇ ਮੁਹੰਮਦ ਇਸਰਾਫਿਲ ਸਗੇ ਭਰਾ ਸਨ।
ਮ੍ਰਿਤਕ ਮੁਸ਼ਤਾਕ ਦੀ ਪਤਨੀ ਸਬੀਨਾ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਪਤੀ ਅਤੇ ਦਿਓਰ ਨੂੰ ਜਗਾਉਣ ਲਈ ਆਵਾਜ਼ਾਂ ਮਾਰ ਰਹੀ ਸੀ ਤਾਂ ਦੋਵੇਂ ਨਹੀਂ ਉੱਠੇ। ਫਿਰ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਉਸ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਮ੍ਰਿਤਕ ਮੁਸ਼ਤਾਕ ਆਪਣੇ ਪਿੱਛੇ ਪਤਨੀ ਅਤੇ 3 ਧੀਆਂ ਛੱਡ ਗਿਆ ਹੈ, ਜਦੋਂ ਕਿ ਇਸਰਾਫਿਲ ਅਜੇ ਕੁਆਰਾ ਸੀ। ਦੋਵੇਂ ਭਰਾ ਔਰਤਾਂ ਦੇ ਕੱਪੜਿਆਂ ਦੀ ਕਢਾਈ ਕੱਢਣ ਦਾ ਕੰਮ ਕਰਦੇ ਸਨ। ਉਨ੍ਹਾਂ ਦੀ ਮੌਤ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ।