ਚੰਡੀਗੜ੍ਹ: ਨਿਹੰਗ ਬਾਬਾ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ (Baba Harjit Singh Rasulpur) ਨੇ ਅਯੁੱਧਿਆ (Ayodhya) ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਮੌਕੇ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਹੈ। ਦਰਅਸਲ ਨਵੰਬਰ 1858 ਦੇ ਮਹੀਨੇ ਵਿਚ ਨਿਹੰਗ ਬਾਬਾ ਫਕੀਰ ਸਿੰਘ ਦੀ ਅਗਵਾਈ ਵਿਚ 25 ਨਿਹੰਗ ਸਿੰਘਾਂ (ਸਿੱਖਾਂ) ਨੇ ਬਾਬਰੀ ਮਸਜਿਦ ਦੇ ਢਾਂਚੇ ‘ਤੇ ਕਬਜ਼ਾ ਕਰਕੇ ਉਥੇ ਹਵਨ ਕੀਤਾ ਸੀ, ਦੀਵਾਰਾਂ ‘ਤੇ ਰਾਮ-ਰਾਮ ਲਿਖਿਆ ਅਤੇ ਭਗਵੇਂ ਝੰਡੇ ਵੀ ਲਗਾਏ।
ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ ਬਾਬਰੀ ਮਸਜਿਦ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਅਵਧ ਵਿਚ ਥਾਣੇਦਾਰ ਵਲੋਂ 30 ਨਵੰਬਰ 1858 ਐੱਫ. ਆਈ. ਆਰ. ਦਰਜ ਕੀਤੀ ਗਈ। ਨਿਹੰਗ ਬਾਬਾ ਫਕੀਰ ਸਿੰਘ ਦੇ ਅੱਠਵੇਂ ਵੰਸ਼ਜ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਕਹਿਣਾ ਹੈ ਕਿ ਉਪਰੋਕਤ ਇਤਿਹਾਸਕ ਘਟਨਾ ਰਾਮ ਮੰਦਰ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਵੀ ਅਹਿਮ ਸਬੂਤ ਵਜੋਂ ਦਰਜ ਹੈ।
ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਹੁਣ ਜਦੋਂ 22 ਜਨਵਰੀ, 2024 ਨੂੰ ਸ੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾ ਰਹੀ ਹੈ ਤਾਂ ਉਹ ਆਪਣੇ ਨਿਹੰਗ ਸਿੰਘ ਸਾਥੀਆਂ ਨਾਲ ਅਯੁੱਧਿਆ ਵਿਖੇ ਲੰਗਰ ਲਾ ਕੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਦੀ ਸੇਵਾ ਕਰਨਗੇ। ਬਾਬਾ ਹਰਜੀਤ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਹੋਣ ਦੇ ਨਾਤੇ ਉਨ੍ਹਾਂ ਦੀ ਸਨਾਤਨ ਧਰਮ ਵਿਚ ਓਨੀ ਹੀ ਆਸਥਾ ਹੈ, ਜਿੰਨੀ ਸਿੱਖ ਧਰਮ ਵਿਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।