ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਭਾਈ ਤੇ ਦੋਸਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ
By admin / July 21, 2024 / No Comments / Punjabi News
ਫਿਲੌਰ: ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Member of Parliament Amritpal Singh) ਦੇ ਭਰਾ ਹਰਪ੍ਰੀਤ ਸਿੰਘ (Harpreet Singh) ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਨੂੰ 2 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਹੈਪੀ ਅਤੇ ਉਸ ਦੇ ਦੋਸਤ ਲਵਪ੍ਰੀਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਹ ਜਾਣਕਾਰੀ ਐੱਸ.ਏ.ਓ. ਫਿਲੌਰ ਸੁਖਦੇਵ ਸਿੰਘ ਵੱਲੋਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਿਲੌਰ ਨੇੜੇ ਆਈਸ ਡਰੱਗ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਬੰਧੀ ਜਲੰਧਰ ਦੇ ਐਸ.ਐਸ.ਪੀ. ਅੰਕੁਰ ਗੁਪਤਾ ਦੇ ਬਿਆਨ ਦਾ ਖੁਲਾਸਾ ਹੋਇਆ ਹੈ। ਉਸ ਨੇ ਦੱਸਿਆ ਸੀ ਕਿ ਇਸ ਮਾਮਲੇ ‘ਚ ਕੁੱਲ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸ.ਐਸ.ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪੁਲਿਸ ਨੇ ਫਿਲੌਰ ਵਿੱਚ ਨੈਸ਼ਨਲ ਹਾਈਵੇਅ ਦੇ ਕਿਨਾਰੇ ਖੜ੍ਹੇ ਇੱਕ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਸੀ। ਇਸ ਕ੍ਰੇਟਾ ਗੱਡੀ ਦੇ ਸ਼ੀਸ਼ੇ ਵੀ ਕਾਲੇ ਕੀਤੇ ਹੋਏ ਸਨ, ਜਿਸ ਕਾਰਨ ਸ਼ੱਕ ਦੇ ਆਧਾਰ ‘ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਸ ‘ਚ ਬੈਠੇ 4 ਵਿਅਕਤੀਆਂ ਕੋਲੋਂ 4 ਗ੍ਰਾਮ ਆਈਸ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਦੌਰਾਨ ਲਵਪ੍ਰੀਤ ਪੁੱਤਰ ਗੁਰਪ੍ਰੀਤ ਵਾਸੀ ਚੀਮਾ ਵਾਰਡ ਥਾਣਾ ਬਿਆਸ ਅਤੇ ਹਰਪ੍ਰੀਤ ਉਰਫ ਹੈਪੀ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਿਲਜੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਨਸ਼ੀਲਾ ਪਦਾਰਥ, ਤੋਲਣ ਵਾਲਾ ਸਕੇਲ, ਲਾਈਟਰ ਆਦਿ ਵੀ ਬਰਾਮਦ ਕੀਤਾ ਗਿਆ। ਉਸ ਦੇ ਸਾਥੀ ਕੋਲੋਂ ਦੋ ਫ਼ੋਨ ਬਰਾਮਦ ਹੋਏ ਹਨ।