ਬਿਹਾਰ:- ਬਿਹਾਰ ਦੇ ਭਾਗਲਪੁਰ ਜ਼ਿਲ੍ਹੇ (Bhagalpur District) ‘ਚ ਬੀਤੀ ਰਾਤ ਨੂੰ ਇਕ SUV ‘ਤੇ ਟਰੱਕ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਹ ਘਟਨਾ NH 80 ‘ਤੇ ਘੋਘਾ ਥਾਣਾ ਖੇਤਰ ਦੇ ਪਿੰਡ ਅਮਾਪੁਰ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕਾਰਪੀਓ ਕਾਰ ‘ਚ ਸਵਾਰ ਸਾਰੇ ਲੋਕ ਇਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਮੁੰਗੇਰ ਤੋਂ ਪੀਰਪੇਂਟੀ ਜਾ ਰਹੇ ਸਨ। ਹਾਦਸਾ ਰਾਤ 11:30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਰਾਡਾਂ ਨਾਲ ਭਰਿਆ ਟਰੱਕ ਟਾਇਰ ਫਟਣ ਕਾਰਨ ਕਾਰ ‘ਤੇ ਪਲਟ ਗਿਆ।
ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ
ਟਰੱਕ ਪਲਟਣ ਨਾਲ ਸਕਾਰਪੀਓ ਕਾਰ ਮਲਬੇ ਹੇਠ ਦੱਬ ਗਈ। ਘਟਨਾ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ, ਸਥਾਨਕ ਨਿਵਾਸੀਆਂ ਨੇ ਮਲਬੇ ਹੇਠਾਂ ਦੱਬੇ ਜ਼ਖਮੀ ਵਿਅਕਤੀਆਂ ਨੂੰ ਕੱਢਣ ਲਈ ਪੁਲਿਸ ਦੀ ਮਦਦ ਕੀਤੀ। ਬਚਾਅ ਕਾਰਜ ਦੇਰ ਰਾਤ ਤੱਕ ਜਾਰੀ ਰਹੇ, ਜ਼ਖਮੀਆਂ ਨੂੰ ਭਾਗਲਪੁਰ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਜਿੱਥੇ ਕਿ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਜਿੱਥੇ ਇਹ ਹਾਦਸਾ ਵਾਪਰਿਆ ਹੈ, ਉੱਥੇ ਨੈਸ਼ਨਲ ਹਾਈਵੇਅ ‘ਤੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ।
ਸਕਾਰਪੀਓ ਕਾਰ ‘ਚ ਡਰਾਈਵਰ ਸਮੇਤ 9 ਲੋਕ ਵਿਆਹ ‘ਚ ਸ਼ਾਮਲ ਹੋਣ ਲਈ ਸਵਾਰ ਸਨ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਸਕਾਰਪੀਓ ਗੱਡੀ ਕਾਹਲਗਾਂਵ ਵੱਲ ਜਾ ਰਹੀ ਸੀ, ਜਦਕਿ ਇੱਕ ਓਵਰਲੋਡ ਟਰੱਕ ਕਾਹਲਗਾਂਵ ਤੋਂ ਭਾਗਲਪੁਰ ਵੱਲ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ।