STF ਦੀ ਟੀਮ ਨੇ 10 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਸਮੱਗਲਰਾਂ ਨੂੰ ਕੀਤਾ ਕਾਬੂ
By admin / March 31, 2024 / No Comments / Punjabi News
ਲੁਧਿਆਣਾ : ਐਸ.ਟੀ.ਐਫ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਦੀ ਟੀਮ ਨੇ 10 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਐਸ.ਟੀ.ਐਫ ਇੰਚਾਰਜ ਹਰਬੰਸ ਸਿੰਘ ਰਹੀਲ (Harbans Singh Rahil) ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀ ਹੈਰੋਇਨ ਦੀ ਵੱਡੀ ਖੇਪ ਲੈ ਕੇ ਦਰੇਸੀ ਥਾਣਾ ਖੇਤਰ ਵਿੱਚ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਲਈ ਆ ਰਹੇ ਹਨ, ਜਿਸ ’ਤੇ ਐਸ.ਟੀ.ਐਫ ਚੌਕਸ ਹੋ ਗਈ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਵਪੁਰੀ ਸ਼ਮਸ਼ਾਨਘਾਟ ਨੇੜੇ ਐਕਟਿਵਾ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਟੀਮ ਨੇ ਐਕਟਿਵਾ ਦੀ ਤਲਾਸ਼ੀ ਲਈ ਤਾਂ ਟਰੰਕ ’ਚੋਂ 1 ਕਿਲੋ 950 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਪਛਾਣ ਕਪਿਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਸ਼ਿਵਪੁਰੀ ਨੇੜੇ ਮੱਛੀ ਮੰਡੀ ਅਤੇ ਵਰੁਣ ਕੁਮਾਰ ਵੀਨੂੰ ਪੁੱਤਰ ਅਸ਼ੋਕ ਕੁਮਾਰ ਵਾਸੀ ਜੋਧੇਵਾਲ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੋਹਾਲੀ ਪੁਲਿਸ ਥਾਣਾ ਐਸ.ਟੀ.ਐਫ. ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸ.ਟੀ.ਐਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਦੋਵੇਂ ਨਸ਼ਾ ਤਸਕਰ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਵੇਚ ਰਹੇ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੈਰੋਇਨ ਦੀ ਖੇਪ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਤੋਂ ਇੱਕ ਨਸ਼ਾ ਤਸਕਰ ਕੋਲੋਂ ਥੋਕ ਰੇਟ ‘ਤੇ ਖਰੀਦੀ ਸੀ, ਜਿਸ ਨੂੰ ਉਹ ਗਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਸਨ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਗਾਹਕਾਂ ਅਤੇ ਸਪਲਾਇਰਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਪਿਲ ਕੁਮਾਰ ਥੋਕ ਵਿੱਚ ਕੱਪੜੇ ਵੇਚਣ ਦਾ ਕੰਮ ਕਰਦਾ ਹੈ, ਜੋ ਹਿਮਾਚਲ ਜਾ ਕੇ ਉਥੇ ਕੰਮ ਕਰਦਾ ਹੈ, ਜਦਕਿ ਮੁਲਜ਼ਮ ਵਰੁਣ ਕੁਮਾਰ ਲੁਧਿਆਣਾ ਵਿੱਚ ਉਬੇਰ ਐਕਟਿਵਾ ਚਲਾਉਣ ਦਾ ਕੰਮ ਕਰਦਾ ਹੈ, ਜਿਸ ਦੀ ਐਕਟਿਵਾ ਉਬੇਰ ਕੰਪਨੀ ਵਿੱਚ ਰਜਿਸਟਰਡ ਹੈ। ਕਿਹੜੀ ਜਾਇਦਾਦ ਬਣਾਈ ਗਈ ਹੈ, ਉਸ ਦਾ ਰਿਕਾਰਡ ਵੀ ਚੈੱਕ ਕੀਤਾ ਜਾ ਰਿਹਾ ਹੈ।