ਚੰਡੀਗੜ੍ਹ : ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਪੁਲਿਸ ਹਿਰਾਸਤ ਵਿੱਚ ਸੀ.ਆਈ.ਏ ਸਟਾਫ ਖਰੜ ‘ਚ ਟੀ.ਵੀ ਚੈਨਲ ਦੇ ਲਈ ਦੀ ਇੰਟਰਵਿਊ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਸੀਲਬੰਦ ਜਾਂਚ ਰਿਪੋਰਟ ਵਿੱਚ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇੰਟਰਵਿਊ ਕਰਵਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਦੋਸ਼ੀ ਅਧਿਕਾਰੀਆਂ ‘ਚ ਮੋਹਾਲੀ ਦੇ ਤਤਕਾਲੀ ਐੱਸ. ਐੱਸ.ਪੀ. ਵਿਵੇਕਸ਼ੀਲ ਸੋਨੀ, ਐੱਸ.ਪੀ. ਅਮਨਦੀਪ ਸਿੰਘ ਬਰਾੜ, ਡੀ.ਐਸ.ਪੀ. ਗੁਰਸ਼ੇਰ ਸਿੰਘ ਅਤੇ ਸੀ.ਆਈ.ਏ. ਸਟਾਫ ਖਰੜ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਾ ਨਾਂ ਸ਼ਾਮਲ ਹੈ। ਸੁਣਵਾਈ ਦੌਰਾਨ ਸਰਕਾਰੀ ਵਕੀਲ ਤੋਂ ਪੁੱਛਿਆ ਗਿਆ ਕਿ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ। ਅਦਾਲਤ ਨੂੰ ਦੱਸਿਆ ਕਿ ਉਸ ਸਮੇਂ S.S.P., S.P., D.S.P., ਅਤੇ C.I.A. ਸਟਾਫ਼ ਖਰੜ ਦੇ ਇੰਚਾਰਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਜਵਾਬ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਬੈਂਚ ਨੇ ਪੁੱਛਿਆ ਕਿ ਇੰਨਾ ਸਮਾਂ ਅਤੇ ਵਾਰ-ਵਾਰ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਹੁਣ ਤੱਕ ਸਿਰਫ਼ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਅਦਾਲਤ ਨੂੰ ਦੱਸਿਆ ਕਿ ਐੱਸ.ਆਈ.ਟੀ. ਜਾਂਚ ਰਿਪੋਰਟ ਨੂੰ ਸੀਲ ਕਰ ਦਿੱਤਾ ਗਿਆ ਸੀ, ਜਿਸ ਦੇ ਖੁੱਲ੍ਹਣ ਤੋਂ ਬਾਅਦ ਹੀ ਉਪਰੋਕਤ ਨਾਂ ਸਾਹਮਣੇ ਆਏ ਹਨ, ਜਿਸ ‘ਤੇ ਕਾਰਵਾਈ ਕਰਦਿਆਂ ਸਾਰਿਆਂ ਨੂੰ ਨੋਟਿਸ ਭੇਜੇ ਗਏ ਹਨ।