ਲੁਧਿਆਣਾ: ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਦੀ ਚੌਥੇ ਦੌਰ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਲੁਧਿਆਣਾ ਵਿੱਚ ਅੱਜ ਕਿਸਾਨ ਅੰਦੋਲਨ ਸਬੰਧੀ ਵੱਡੀ ਰਣਨੀਤੀ ਬਣਾਉਣ ਲਈ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ (Balbir Singh Rajewal), ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਐੱਸ. ਕੇ. ਐੱਮ. ਦੀ ਮੀਟਿੰਗ ਕੀਤੀ ਗਈ ਹੈ। ਮੀਟਿੰਗ ਵਿੱਚ ਕੁਲ 37 ਜਥੇਬੰਦੀਆਂ ਪਹੁੰਚੀਆਂ ਸਨ। ਮੀਟਿੰਗ ਦੌਰਾਨ 20 ਤੋਂ ਲੈ ਕੇ 22 ਤਾਰੀਖ਼ ਤੱਕ ਤਿੰਨ ਦਿਨਾਂ ਲਈ ਕਿਸਾਨ ਅੰਦੋਲਨ ਸਬੰਧੀ ਰਣਨੀਤੀ ਬਣਾਈ ਗਈ ਹੈ।
ਅੱਜ ਈਸੜੂ ਭਵਨ ਵਿੱਚ ਬੈਠਕ ਕਰਕੇ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 20 ਤਾਰੀਖ਼ ਤੋਂ ਲੈ ਕੇ 22 ਤੱਕ ਪੰਜਾਬ ਵਿਚ ਸਾਰੇ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ। ਇਸ ਦੇ ਨਾਲ ਹੀ 20, 21 ਅਤੇ 22 ਤਾਰੀਖ਼ ਨੂੰ ਭਾਜਪਾ ਦੇ ਵੱਡੇ ਆਗੂਆਂ ਦੇ ਘਰਾਂ ਦੇ ਬਾਹਰ ਵੱਡੇ ਕਾਫ਼ਲੇ ਨਾਲ ਧਰਨੇ ਦਿੱਤੇ ਜਾਣਗੇ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਨੂੰ ਲੈ ਕੇ ਇਨ੍ਹਾਂ ਤਿੰਨ ਦਿਨਾਂ ਵਿਚ ਰੇਲਾਂ ਨਹੀਂ ਰੋਕੀਆਂ ਜਾਣਗੀਆਂ। 21 ਤਾਰੀਖ਼ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਦੋਬਾਰਾ ਮੀਟਿੰਗ ਹੋਵੇਗੀ, ਜਿਸ ਵਿਚ ਪੂਰੇ ਪੰਜਾਬ ਵੱਲੋਂ ਇਹ ਮੰਗ ਕੀਤੀ ਜਾਵੇਗੀ ਕਿ ਇਹ ਪ੍ਰੋਗਰਾਮ ਪੂਰੇ ਭਾਰਤ ਵਿਚ ਸ਼ੁਰੂ ਕੀਤਾ ਜਾਵੇ ਤਾਂਕਿ ਜਦੋਂ ਤੱਕ ਸਾਡੀਆਂ ਰਹਿੰਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਇਹ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਰਹੇ।
ਉਨ੍ਹਾਂ ਕਿਹਾ ਕਿ ਜਿੱਥੇ ਕੋਈ ਟੋਲ ਪਲਾਜ਼ਾ ਨਹੀਂ ਹੈ, ਕੋਈ ਭਾਜਪਾ ਲੀਡਰ ਨਹੀਂ ਹੈ, ਉਸ ਜ਼ਿਲ੍ਹੇ ਦੀ ਕਮੇਟੀ ਮੁਤਾਬਕ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਪੱਕੇ ਤੌਰ ‘ਤੇ ਧਰਨੇ ਦਿੱਤੇ ਜਾਣਗੇ, ਜੋਕਿ ਦਿਨ-ਰਾਤ ਚੱਲਣਗੇ। ਉਨ੍ਹਾਂ ਕਿਹਾ ਕਿ ਡੇਰਾ ਬੱਲਾ ਵਾਲੇ ਸੰਤਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਨੇ ਵਾਰਾਣਸੀ ਜਾਣਾ ਹੈ ਅਤੇ ਰੇਲਾਂ ਨਾ ਰੋਕੀਆਂ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੇਲਾਂ ਨਾ ਰੋਕਣ ਦੀ ਕੀਤੀ ਗਈ ਅਪੀਲ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਤਿੰਨ ਦਿਨਾਂ ਵਿਚ ਰੇਲਾਂ ਨਹੀਂ ਰੋਕੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਕਰਦੇ ਹੋਏ ਰੇਲ ਰੋਕੋ ਅੰਦੋਲਨ ਵੀ ਸ਼ੁਰੂ ਕੀਤਾ ਜਾਵੇਗਾ ਅਤੇ ਰੇਲਾਂ ਰੋਕੀਆਂ ਜਾਣਗੀਆਂ।