ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਸਿਟੀ ਥਾਣੇ ਦੇ ਐਸ.ਐਚ.ਓ. ਹਰਿੰਦਰ ਸਿੰਘ ਚਮੇਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਐੱਸ.ਐੱਚ.ਓ. ਨੇ ਆਪਣੀ ਕਾਰ ‘ਤੇ ਸਪੀਕਰ ਲਗਾ ਕੇ ਹਰ ਗਲੀ ‘ਚ ਨਸ਼ਾ ਵੇਚਣ ਵਾਲਿਆਂ ‘ਤੇ ਨਜ਼ਰ ਰੱਖਣ ਦੇ ਐਲਾਨ ਕੀਤੇ ਹਨ ਅਤੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਜੇਕਰ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਆਪਣੇ ਮੋਬਾਈਲ ਨੰਬਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸ਼ਹਿਰ ਨੂੰ ਵਧੀਆ ਸ਼ਹਿਰ ਬਣਾਉਣਾ ਹੈ। ਐਸ.ਐਚ.ਓ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਸੁਧਾਰ ਕਰਨ, ਨਹੀਂ ਤਾਂ ਉਨ੍ਹਾਂ ਕੋਲ ਸੂਚੀਆਂ ਤਿਆਰ ਹਨ। ਨਸ਼ਿਆਂ ਦੇ ਮਾਮਲਿਆਂ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਇਸ ਵਾਇਰਲ ਵੀਡੀਓ ਸਬੰਧੀ ਜਦੋਂ ਐੱਸ.ਐੱਚ.ਓ. ਹਰਿੰਦਰ ਸਿੰਘ ਚਮੇਲੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਥਾਣਾ ਸਿਟੀ ਦਾ ਚਾਰਜ ਸੰਭਾਲਿਆ ਤਾਂ ਦੇਖਿਆ ਕਿ ਫ਼ਿਰੋਜ਼ਪੁਰ ਦੀਆਂ ਕੁਝ ਬਸਤੀਆਂ ‘ਚ ਨਸ਼ਾ ਵਿਕ ਰਿਹਾ ਹੈ। ਇਸ ਸਬੰਧੀ ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਨਸ਼ੇ ਦਾ ਕਾਰੋਬਾਰ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਮਰ ਰਹੀ ਹੈ, ਇਸ ਲਈ ਨੌਜਵਾਨਾਂ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣ ਲਈ ਉਹਨਾਂ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਸਬੰਧੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।