ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (P.S.P.C.L.) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੇ ਦਿਸ਼ਾ ਨਿਰਦੇਸ਼ਾਂ ਹੇਠ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਤਹਿਤ ਗਿੱਦੜਬਾਹਾ ਸਥਿਤ ਇਕ ਪ੍ਰਾਈਵੇਟ ਮੀਟਰ ਰੀਡਿੰਗ ਕੰਪਨੀ (ਐਕਸਪਲੋਰ-ਟੈੱਕ ਸਰਵਿਸਿਜ਼ ਲਿਮਟਿਡ) ਦੇ ਸੁਪਰਵਾਈਜ਼ਰ ਬਾਲਕ੍ਰਿਸ਼ਨ ਨੂੰ ਮੀਟਰ ਰੀਡਰਾਂ ਤੋਂ ਪੈਸੇ ਮੰਗਣ ਦੀ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।

ਮੁੱਖ ਇੰਜਨੀਅਰ ਸੂਚਨਾ ਇੰਜੀ. ਜਾਣਕਾਰੀ ਦਿੰਦੇ ਹੋਏ ਇੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਇੰਜੀ. ਗਗਨਦੀਪ ਸਿੰਗਲਾ ਵਧੀਕ ਸੁਪਰਡੈਂਟ ਇੰਜਨੀਅਰ ਇੰਪਲੀਮੈਂਟੇਸ਼ਨ-1 ਬਠਿੰਡਾ ਵੱਲੋਂ ਕੀਤਾ ਗਿਆ। ਇਸ ਦੌਰਾਨ ਕੰਪਨੀ ਅਧੀਨ ਕੰਮ ਕਰਦੇ ਮੀਟਰ ਰੀਡਰਾਂ ਦੇ ਬਿਆਨ, ਵੌਇਸ ਰਿਕਾਰਡ ਅਤੇ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਹੋਰ ਸਬੂਤਾਂ ਦੀ ਜਾਂਚ ਕੀਤੀ ਗਈ।

ਜਾਂਚ ਦੌਰਾਨ ਮੀਟਰ ਰੀਡਿੰਗ ਕੰਪਨੀ ਦੇ ਸੁਪਰਵਾਈਜ਼ਰ ਬਾਲਕ੍ਰਿਸ਼ਨ ਨੂੰ ਰੀਡਿੰਗ ਡਾਟਾ ਹਾਸਲ ਕਰਨ ਲਈ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ। ਪੀ.ਐਸ.ਪੀ.ਸੀ.ਐਲ ਨੇ ਸਬੰਧਤ ਸੁਪਰਵਾਈਜ਼ਰ ਨੂੰ ਕੰਪਨੀ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਹੈ। ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਇੰਜੀ. ਬਲਦੇਵ ਸਿੰਘ ਸਰਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਸੰਦੇਸ਼ ਦਿੰਦਿਆਂ ਕਿਹਾ ਕਿ ਜਿਹੜਾ ਵੀ ਅਧਿਕਾਰੀ/ਕਰਮਚਾਰੀ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਕਰਦਾ ਪਾਇਆ ਗਿਆ, ਉਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

Leave a Reply