ਪੰਜਾਬ : ਪੰਜਾਬ ਸਕੂਲ ਸਿੱਖਿਆ ਬੋਰਡ (The Punjab School Education Board) ਦੀ 5ਵੀਂ (ਐਲੀਮੈਂਟਰੀ) ਜਮਾਤ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 7 ਮਾਰਚ ਤੋਂ 14 ਮਾਰਚ ਤੱਕ ਹੋਣਗੀਆਂ। ਇਹ ਪ੍ਰੀਖਿਆਵਾਂ ਸਵੇਰ ਦੇ ਸੈਸ਼ਨ ਦੌਰਾਨ ਲਈਆਂ ਜਾਣਗੀਆਂ। ਬੋਰਡ ਵੱਲੋਂ 2 ਤੇ 3 ਮਾਰਚ ਨੂੰ ਪ੍ਰਸ਼ਨ-ਪੱਤਰ ਅਤੇ ਕੇਂਦਰ ਸੁਪਰੀਡੈਂਟ ਦੇ ਪੈਕੇਟ ਸਾਰਿਆਂ ’ਚ ਵੰਡੇ ਜਾਣਗੇ। ਪ੍ਰੀਖਿਆਵਾਂ ਨੂੰ ਸਹੀ ਤਰ੍ਹਾਂ ਕਰਵਾਉਣ ਲਈ ਬੋਰਡ ਵੱਲੋਂ ਸਾਰੇ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਪ੍ਰੀਖਿਆ ਕੇਂਦਰਾਂ ’ਚ ਨਿਗਰਾਨ ਦੀ ਡਿਊਟੀ ਲਈ ਪ੍ਰੀਖਿਆਰਥੀਆਂ ਦੀ ਗਿਣਤੀ ਮੁਤਾਬਕ ਜ਼ਰੂਰੀ ਸਟਾਫ਼ ਕਲਸਟਰ, ਸੈਂਟਰ ਹੈੱਡ ਟੀਚਰ ਤਹਿਤ ਆਉਂਦੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ, ਐਸੋਸੀਏਟਿਡ ਸਕੂਲਾਂ ’ਚ ਟ੍ਰਾਈਐਂਗਲ ਵਿਧੀ ਮੁਤਾਬਕ ਨਿਯੁਕਤ ਕੀਤਾ ਜਾਵੇਗਾ। ਹਰ ਸੈਂਟਰ ਹੈੱਡ ਟੀਚਰ ਤਹਿਤ ਆਉਂਦੇ 5ਵੀਂ ਕਲਾਸ ਨਾਲ ਸਬੰਧਿਤ ਸਕੂਲਾਂ ਦੀ ਸੂਚੀ ਸਬੰਧਿਤ ਸੈਂਟਰ ਹੈੱਡ ਟੀਚਰ ਨੂੰ ਮੁਹੱਈਆ ਕਰਵਾਈ ਜਾਵੇਗੀ ਅਤੇ ਇਕ ਕਾਪੀ ਸਹਾਇਕ ਸੈਕਟਰੀ ਨੂੰ ਵੀ ਭੇਜੀ ਜਾਵੇਗੀ।
ਪ੍ਰੀਖਿਆ ਖ਼ਤਮ ਹੋਣ ਉਪਰੰਤ ਉੱਤਰ ਪੁਸਤਕਾਂ ਦੀ ਮਾਰਕਿੰਗ, ਡਿਊਟੀ ਦੇਣ ਵਾਲੇ ਇਨਵਿਜ਼ੀਲੇਟਰ ਸਟਾਫ਼ ਤੋਂ ਕਰਵਾ ਕੇ ਵਿਸ਼ੇ ਦੇ ਅੰਕ ਸੈਂਟਰ ਹੈੱਡ ਟੀਚਰ ਵੱਲੋਂ ਆਨਲਾਈਨ ਵੈੱਬ ਐਪਲੀਕੇਸ਼ਨ ਫਾਰ ਮਾਰਕਿੰਗ ਸਕੂਲ ਲਾਗਇਨ ਮਾਰਕਿੰਗ ਐਪ ’ਤੇ ਉਸੇ ਦਿਨ ਅਪਲੋਡ ਕੀਤੇ ਜਾਣਗੇ। ਉੱਤਰ ਪੁਸਤਿਕਾਂ ਦੇ ਅੰਕ ਅਪਲੋਡ ਕਰਨ ਉਪਰੰਤ ਇਹ ਪੁਸਤਕਾਂ ਸੈਂਟਰ ਹੈੱਡ ਟੀਚਰ ਪੱਧਰ ’ਤੇ ਸਟੋਰ ਕੀਤੀਆਂ ਜਾਣਗੀਆਂ।
ਇਹ ਹਨ ਬੋਰਡ ਦੇ ਦਿਸ਼ਾ-ਨਿਰਦੇਸ਼?
- ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਜਾਰੀ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
- ਅਜਿਹੇ ਪ੍ਰਬੰਧ ਕੀਤੇ ਜਾਣ ਕਿ ਵਾਸ਼ਰੂਮ ’ਚ ਇਕ ਤੋਂ ਵੱਧ ਪ੍ਰੀਖਿਆਰਥੀ ਨਾ ਜਾਵੇ।
- ਟ੍ਰਾਂਸਪੇਰੈਂਟ ਬੋਤਲ ’ਚ ਪ੍ਰੀਖਿਆਰਥੀ ਨੂੰ ਪਾਣੀ ਲੈ ਕੇ ਆਉਣ ਦੀ ਆਗਿਆ ਦਿੱਤੀ ਜਾਵੇ।
- ਪ੍ਰੀਖਿਆਰਥੀ ਆਪਣੀ ਕੋਈ ਵੀ ਚੀਜ਼ ਕਿਸੇ ਹੋਰ ਦੇ ਨਾਲ ਸਾਂਝੀ ਨਾ ਕਰੇ।
- 5ਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ ਮਾਰਚ 2024 ਲਈ ਸੈਲਫ ਪ੍ਰੀਖਿਆ ਕੇਂਦਰ ਬਣਾਏ ਗਏ ਹਨ।